ਮੁੱਖ ਮੰਤਰੀ ਵੱਲੋਂ ਚੀਨ ਤੇ ਪਾਕਿਸਤਾਨ ਤੋਂ ਸਰਹੱਦੀ ਖਤਰੇ ਨਾਲ ਲੜਨ ਲਈ ਤਿਆਰ ਰਹਿਣ ਦਾ ਸੱਦਾ

NEWS PUNJAB
ਆਜ਼ਾਦੀ ਘੁਲਾਟੀਆਂ, ਰੱਖਿਆ ਸੈਨਾਵਾਂ, ਕੋਰੋਨਾ ਯੋਧਿਆਂ ਤੇ ਹੋਰਨਾਂ ਨੂੰ ਸਲਾਮ ਕੀਤਾ
ਮੁਹਾਲੀ (ਐਸ.ਏ.ਐਸ.ਨਗਰ), 15 ਅਗਸਤ
ਚੀਨ ਅਤੇ ਪਾਕਿਸਤਾਨ ਦੋਵਾਂ ਤੋਂ ਲਗਾਤਾਰ ਖਤਰੇ ਦੀ ਚਿਤਾਵਨੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪੰਜਾਬ ਸਰਹੱਦਾਂ ’ਤੇ ਦੁਸ਼ਮਣ ਨਾਲ ਲੜਾਈ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ।
ਇਥੇ ਆਜ਼ਾਦੀ ਦਿਹਾੜੇ ਦੇ ਇਤਿਹਾਸਕ ਮੌਕੇ ਕੌਮੀ ਤਿਰੰਗਾ ਲਹਿਰਾਉਣ ਉਪਰੰਤ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਸਰਹੱਦਾਂ ’ਤੇ ਵਧ ਰਹੇ ਤਣਾਓ ਕਰਕੇ ਭਾਰਤ ਕਿਸੇ ਵੀ ਖਤਰੇ ਨਾਲ ਨਿਪਟਣ ਲਈ ਹਮੇਸ਼ਾ ਤਿਆਰ ਰਿਹਾ ਹੈ।
ਹਾਲ ਹੀ ਵਿੱਚ ਚੀਨੀ ਸੈਨਿਕਾਂ ਵੱਲੋਂ ਭਾਰਤੀ ਜਵਾਨਾਂ ’ਤੇ ਕੀਤੇ ਗਏ ਵਹਿਸ਼ੀ ਹਮਲੇ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਹਰ ਰੋਜ਼ ਫਾਇਰਿੰਗ ਕਰ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਚੀਨ ਗੱਲ ਤਾਂ ਦੋਸਤੀ ਦੀ ਕਰਦਾ ਹੈ ਪਰ ਅਸਲ ਵਿੱਚ ਸਾਡੀ ਕੌਮ ਲਈ ਖਤਰਾ ਬਣਿਆ ਹੋਇਆ ਹੈ। ਭਾਰਤ ਨੇ ਪਾਕਿਸਤਾਨ ਨੂੰ ਹਮੇਸ਼ਾ ਢੁੱਕਵਾਂ ਜਵਾਬ ਦਿੱਤਾ ਹੈ ਜੋ ਕਿ ਇਨਾਂ ਨਾਲ ਨਿਪਟਣ ਦਾ ਇਕੋ-ਇਕ ਤਰੀਕਾ ਹੈ, ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਚੀਨ ਨਾਲ ਵੀ ਸਖਤੀ ਨਾਲ ਨਜਿੱਠਣ ਦੀ ਜ਼ਰੂਰਤ ਹੈ।
ਲੱਖਾਂ ਭਾਰਤੀਆਂ ਵੱਲੋਂ ਆਜ਼ਾਦੀ ਅੰਦੋਲਨ ਵਿਚ ਪਾਏ ਯੋੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਹਰ ਜੰਗ ਵਿੱਚ ਮੋਹਰੀ ਹੋ ਕੇ ਲੜੇ ਹਨ। ਉਨਾਂ ਕਿਹਾ ਕਿ ਕਾਲੇ ਪਾਣੀ (ਅੰਡੇਮਾਨ ਟਾਪੂ) ਵਿਚਲੀ ਸੈਲੂਲਰ ਜੇਲ ਵਿਖੇ ਉਕਰੇ ਹਜ਼ਾਰਾਂ ਪੰਜਾਬੀਆਂ ਦੇ ਨਾਮ ਉਨਾ ਦੇ ਅਮਰ ਹੋਣ ਦੀ ਗਵਾਹੀ ਭਰਦੇ ਹਨ। ਉਨਾਂ ਕਿਹਾ ਕਿ ਭਾਵੇਂ ਕੋਵਿਡ ਮਹਾਂਮਾਰੀ ਕਾਰਨ ਆਜ਼ਾਦੀ ਦਿਵਸ ਦੇ ਸਮਾਗਮ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਥੋੜੇ ਸੰਖੇਪ ਹਨ ਪਰ ਇਹ ਸਮਾਂ ਉਨਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਹੈ ਜਿਨਾਂ ਸਦਕਾ ਸਾਨੂੰ ਆਜ਼ਾਦੀ ਹਾਸਲ ਹੋਈ ਹੈ। ਉਨਾਂ ਕਿਹਾ ਕਿ ਇਹ ਸਮਾਂ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀਆਂ ਰੱਖਿਆ ਸੈਨਾਵਾਂ ਨੂੰ ਸਲਾਮ ਕਰਨ ਦਾ ਵੀ ਹੈ।
ਪੰਜਾਬ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਜ਼ਾਦੀ ਘੁਲਾਟੀਆਂ ਦੀ ਤੀਜੀ ਪੀੜੀ ਨੂੰ ਸਾਰੇ ਲਾਭ ਦੇਣ ਦੀ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਇਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੈਰਾਮੈਡਿਕਸ ਅਤੇ ਸਿਹਤ ਵਰਕਰਾਂ ਨੂੰ ਜੋ  ਕੋਵਿਡ ਦੇ ਅਦਿੱਖ ਦੁਸ਼ਮਣ ਨਾਲ ਲਗਾਤਾਰ ਲੜ ਰਹੇ ਹਨ ਅਤੇ ਗੈਰ-ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਜਿਨਾਂ ਵੱਲੋਂ ਲੌਕਡਾਊਨ ਦੇ ਸਮੇਂ ਦੌਰਾਨ ਭੋਜਨ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਅਣਥੱਕ ਯਤਨ ਕੀਤੇ ਗਏ, ਨੂੰ ਵੀ ਸਲਾਮ ਕੀਤਾ। ਉਨਾਂ ਕਿਸਾਨਾਂ ਵੱਲੋਂ ਲੌਕਡਾਊਨ ਦੇ ਸਮੇਂ ਕੌਮ ਲਈ ਖਾਧ ਪਦਾਰਥ ਪੈਦਾ ਕਰਨ ਦਾ ਮਹਾਨ ਕੰਮ ਕਰਨ ਅਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਮੁਸ਼ਕਿਲ ਭਰੇ ਸਮੇਂ ਦੌਰਾਨ ਲੋਕਾਂ ਨੂੰ ਦਿੱਤੀਆਂ ਸੇਵਾਵਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਮਹਾਂਮਾਰੀ ਨੂੰ ਕਾਬੂ ਕਰਨ ਲਈ ਸੁਰੱਖਿਆ ਉਪਾਵਾਂ ਨੂੰ ਅਪਣਾਉਣ ਵਿੱਚ ਦਿੱਤੇ ਯੋਗਦਾਨ, ਵਿਦਿਆਰਥੀਆਂ ਜਿਨਾਂ ਨੇ ਆਨ-ਲਾਈਨ ਸਿੱਖਿਆ ਦੇ ਤਰੀਕਿਆਂ ਨੂੰ ਸੰਜੀਦਗੀ ਨਾਲ ਅਪਣਾਇਆ ਅਤੇ ਅਧਿਆਪਕਾਂ ਜਿਨਾਂ ਵੱਲੋਂ ਆਨ-ਲਾਈਨ ਸਮੱਗਰੀ ਤਿਆਰ ਕਰਨ ਲਈ ਦਿਨ-ਰਾਤ ਇਕ ਕੀਤਾ  ਗਿਆ ਤਾਂ ਜੋ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਨਾ ਰਹਿਣ, ਦੀ ਵੀ ਵਿਸ਼ੇਸ਼ ਸਲਾਹੁਤਾ ਕੀਤੀ।
ਉਨਾਂ ਮਹਾਂਮਾਰੀ ਸਦਕਾ ਆਈ ਆਰਥਿਕ ਮੰਦੀ ਵਿਚੋਂ ਨਿਕਲਣ ਲਈ ਪੂਰੀ ਦਿ੍ਰੜਤਾ ਦਿਖਾਉਣ ਵਾਲੇ ਉਦਯੋਗਪਤੀਆਂ ਦੀ ਸਰਾਹਣਾ ਦੇ ਨਾਲ-ਨਾਲ ਉਦਯੋਗਿਕ ਖੇਤਰ ਦੇ ਕਿਰਤੀਆਂ, ਜਿਨਾਂ ਨੂੰ ਮਹਾਂਮਾਰੀ ਦੇ ਮੁੱਢਲੇ ਡਰ ਕਾਰਨ ਮਜਬੂਰੀ ਵੱਸ ਪੰਜਾਬ ਛੱਡ ਕੇ ਪੰਜਾਬ ਸਰਕਾਰ ਵੱਲੋਂ ਰੇਲਾਂ ਦੇ ਕੀਤੇ ਬੰਦੋਬਸਤ ਜ਼ਰੀਏ ਆਪਣੇ ਜੱਦੀ ਸੂਬਿਆਂ ਨੂੰ ਮੁੜਨਾ ਪਿਆ ਸੀ, ਵੱਲੋਂ ਪੰਜਾਬ ਸਰਕਾਰ ’ਤੇ ਜਤਾਏ ਪੂਰਨ ਭਰੋਸੇ ਸਦਕਾ ਵਾਪਸ ਪਰਤ ਕੇ ਪਹਿਲਾਂ ਜਿਨੀਂ ਹੀ ਪ੍ਰਤੀਬੱਧਤਾ ਨਾਲ ਕੰਮ ਸ਼ੁਰੂ ਕੀਤੇ ਜਾਣ ਦੀ ਵੀ ਸ਼ਲਾਘਾ ਕੀਤੀ ਗਈ।