ਸਨੌਰ ਵਿਖੇ 93 ਵਿਅਕਤੀਆਂ ਨੇ ਲਿਆ ਸ਼ਹਿਰੀ ਆਵਾਸ ਯੋਜਨਾ ਦਾ ਲਾਭ

-67 ਹੋਰਨਾਂ ਯੋਗ ਲਾਭਪਾਤਰੀਆਂ ਦੀ ਵੀ ਕੀਤੀ ਗਈ ਸ਼ਨਾਖ਼ਤ : ਕਾਰਜ ਸਾਧਕ ਅਫ਼ਸਰ

ਨਿਊਜ਼ ਪੰਜਾਬ

ਸਨੌਰ/ਪਟਿਆਲਾ, 12 ਅਗਸਤ: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਸਰਕਾਰ ਦੀ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ (ਐਚ.ਐਫ.ਏ) ਅਧੀਨ ਨਗਰ ਕੌਂਸਲ ਸਨੌਰ ਵੱਲੋਂ 2017-18 ਤੋਂ ਹੁਣ ਤੱਕ 93 ਯੋਗ ਲਾਭਪਾਤਰੀਆਂ ਲਈ 1 ਕਰੋੜ 35 ਲੱਖ 65 ਹਜ਼ਾਰ ਰੁਪਏ ਦੀ ਗਰਾਂਟ ਮਨਜ਼ੂਰ ਹੋਈ ਹੈ ਜਿਸ ਵਿੱਚੋਂ ਤਿੰਨ ਪੜਾਵਾਂ ਵਿੱਚ 85 ਲੱਖ 28 ਹਜ਼ਾਰ 137 ਰੁਪਏ ਨਵੇਂ ਮਕਾਨ ਦੀ ਉਸਾਰੀ ਜਾ ਫੇਰ ਪੁਰਾਣੇ ਮਕਾਨ ਦੀ ਮੁਰੰਮਤ ਲਈ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਕਮ ਵੀ ਜਲਦੀ ਹੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੌਂਸਲ ਸਨੌਰ ਦੇ ਕਾਰਜ ਸਾਧਕ ਅਫ਼ਸਰ ਰਾਕੇਸ਼ ਅਰੋੜਾ ਨੇ ਦੱਸਿਆ ਕਿ ਸਨੌਰ ਵਿਖੇ 93 ਵਿਅਕਤੀਆਂ ਵੱਲੋਂ ਸ਼ਹਿਰੀ ਆਵਾਸ ਯੋਜਨਾ ਦਾ ਲਾਭ ਲਿਆ ਗਿਆ ਹੈ ਅਤੇ 67 ਹੋਰਨਾਂ ਯੋਗ ਲਾਭਪਾਤਰੀਆਂ ਦੀ ਵੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਦੇ ਪਹਿਲੇ ਫੇਜ਼ ਦੀ ਰਾਸ਼ੀ ਮਨਜ਼ੂਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲੋੜਵੰਦਾਂ ਨੂੰ ਘਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ 1 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਚਾਰ ਫੇਜ਼ਾਂ ਵਿੱਚ ਦਿੱਤੀ ਜਾਂਦੀ ਹੈ, ਜਿਸ ਤਹਿਤ ਮਕਾਨ ਦੀ ਨੀਂਹ ‘ਤੇ ਪਹਿਲੀ ਕਿਸ਼ਤ, ਲੈਂਟਰ ‘ਤੇ ਦੂਸਰੀ, ਪਲੱਸਤਰ ਸਮੇਂ ਤੀਸਰੀ ਅਤੇ ਮਕਾਨ ਮੁਕੰਮਲ ਹੋਣ ‘ਤੇ ਚੌਥੀ ਕਿਸ਼ਤ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸਨੌਰ ਵਿਖੇ ਆਏ 93 ਯੋਗ ਲਾਭਪਾਤਰੀਆਂ ਨੂੰ ਤਿੰਨ ਸਰਵੇ ਹੋਣ ਉਪਰੰਤ 85 ਲੱਖ 28 ਹਜ਼ਾਰ  137 ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ ਅਤੇ ਚੌਥੇ ਅਤੇ ਆਖ਼ਰੀ ਸਰਵੇ ਦੀ ਰਾਸ਼ੀ ਵੀ ਜਲਦੀ ਜਾਰੀ ਕੀਤੀ ਜਾਵੇਗੀ।

ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ 67 ਨਵੇਂ ਲਾਭਪਾਤਰੀਆਂ ਸਬੰਧੀ ਵੀ ਮਨਜ਼ੂਰੀ ਪੱਤਰ ਜਾਰੀ ਕਰਨ ਦੀ ਕਾਰਵਾਈ ਜਾਰੀ ਹੈ ਅਤੇ ਜਲਦੀ ਹੀ ਇਨ੍ਹਾਂ ਲਾਭਪਾਤਰੀਆਂ ਨੂੰ ਵੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।