40 ਫੀਸਦੀ ਤੱਕ ਬਿਜਲੀ ਦੀ ਬਚਤ ਲਈ ਐਨਰਜੀ ਕੰਨਜ਼ਰਵੇਸ਼ਨ ਬਿਲਡਿੰਗ ਕੋਡ ਦੀ ਵਰਤੋਂ ‘ਤੇ ਜ਼ੋਰ

ਪੇਡਾ ਨੇ ਇਮਾਰਤਾਂ ਵਿੱਚ ਊਰਜਾ ਦੀ ਬੱਚਤ ਸਬੰਧੀ ਵਰਕਸ਼ਾਪ ਕਰਵਾਈ
ਚੰਡੀਗੜ੍ਹ, 25 ਫਰਵਰੀ: ( ਨਿਊਜ਼ ਪੰਜਾਬ )
ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਨੇ ਮੰਗਲਵਾਰ ਨੂੰ ਪੇਡਾ ਸੋਲਰ ਪੈਸਿਵ ਕੰਪਲੈਕਸ, ਚੰਡੀਗੜ੍ਹ ਵਿਖੇ ਇਮਾਰਤਾਂ ਵਿੱਚ ਊਰਜਾ ਦੀ ਬਚਤ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।
ਪੇਡਾ, ਪੰਜਾਬ ਵਿੱਚ ਐਨਰਜੀ ਕੰਨਜਰਵੇਸ਼ਨ ਐਕਟ, 2001 ਲਾਗੂ ਕਰਨ ਵਾਲੀ ਸੂਬੇ ਦੀ ਨਾਮਜ਼ਦ ਏਜੰਸੀ ਹੈ, ਜਿਸ ਨੇ ਊਰਜਾ ਬਚਾਉਣ ਵਾਲੀ ਇਮਾਰਤੀ ਸਮਗਰੀ ਬਾਰੇ ਇੱਕ ਪ੍ਰਦਰਸ਼ਨੀ ਵੀ ਲਗਾਈ।
ਬਿਊਰੋ ਆਫ ਐਨਰਜੀ ਐਫੀਸੈਂਸੀ, ਬਿਜਲੀ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਸਾਲ ਦਾ ਇਹ 15ਵਾਂ ਪ੍ਰੋਗਰਾਮ ਸੀ।
ਪੇਡਾ ਦੇ ਚੇਅਰਮੈਨ ਸਰਦਾਰ ਐਚ.ਐਸ. ਹੰਸਪਾਲ ਨੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਿਸ ਵਿੱਚ ਊਰਜਾ ਬਚਾਉਣ ਵਾਲੀ ਇਮਾਰਤੀ ਸਮਗਰੀ ਜਿਵੇਂ ਕਿ ਇਨਸੂਲੇਸ਼ਨ, ਏਏਸੀ ਬਲਾਕਸ, ਐਚਵੀਏਸੀ, ਗਲਾਸ, ਲਾਈਟਿੰਗ, ਸੋਲਰ ਪੀਵੀ ਅਤੇ ਗਰਮ ਪਾਣੀ, ਇਲੈਕਟ੍ਰੀਕਲ ਸਿਸਟਮ ਅਤੇ ਆਟੋਮੇਸ਼ਨ ਨੂੰ ਵੱਖ ਵੱਖ ਉਤਪਾਦਕਾਂ ਅਤੇ ਵਿਕਰੇਤਾਵਾਂ ਦੁਆਰਾ ਪ੍ਰਦਰਸ਼ਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਨਵਿਆਉਣਯੋਗ ਊਰਜਾ ਪ੍ਰਣਾਲੀਆਂ ਅਤੇ ਊਰਜਾ ਬਚਾਊ ਸਮੱਗਰੀ ਦੀ ਵਰਤੋਂ ਨਾਲ ਕਾਫ਼ੀ ਬਿਜਲੀ ਦੀ ਬਚਤ ਕੀਤੀ ਜਾ ਸਕਦੀ ਹੈ ਜਿਸ ਨਾਲ ਗ੍ਰੀਨ ਹਾਊਸ ਗੈਸ ਦਾ ਨਿਕਾਸ ਘਟੇਗਾ ਜਿਸ ਸਦਕਾ ਵਾਤਾਵਰਣ ਸੁਰੱਖਿਅਤ ਰਹੇਗਾ।
ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐੱਸ. ਨੇ 40 ਫੀਸਦੀ ਤੱਕ ਬਿਜਲੀ ਦੀ ਬਚਤ ਲਈ ਐਨਰਜੀ ਕੰਨਜ਼ਰਵੇਸ਼ਨ ਬਿਲਡਿੰਗ ਕੋਡ ਦੀ ਵਰਤੋਂ ‘ਤੇ ਜ਼ੋਰ ਦਿੱਤਾ।
ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਅਨਿਲ ਮੰਗਲਾ, ਵਾਈਸ ਚੇਅਰਮੈਨ ਸ੍ਰੀ ਕਰਨ ਵੜਿੰਗ, ਬੀ.ਓ.ਜੀ ਦੇ ਮੈਂਬਰ ਸ੍ਰੀ ਸੁਸ਼ੀਲ ਮਲਹੋਤਰਾ ਅਤੇ ਬੀਓਜੀ, ਪੇਡਾ ਦੇ ਮੈਂਬਰ ਸ੍ਰੀਮਤੀ ਰਾਜ ਕੁਮਾਰੀ ਵੀ ਮੌਜੂਦ ਸਨ।
ਪਹਿਲੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਲੋਕ ਨਿਰਮਾਣ ਵਿਭਾਗ ਪੰਜਾਬ (ਬੀ ਐਂਡ ਆਰ) ਦੇ ਚੀਫ਼ ਇੰਜੀਨੀਅਰ (ਹੈਡ ਕੁਆਟਰ) ਸ੍ਰੀ ਐਸ.ਕੇ. ਗੁਪਤਾ ਅਤੇ ਆਰਕੀਟੈਕਟ ਸੁਰਿੰਦਰ ਬਾਹਗਾ ਨੇ ਕੀਤੀ, ਜਿਸ ਵਿੱਚ ਬੀ.ਈ.ਈ., ਜੀ.ਆਈ.ਜ਼ੈਡ. ਅਤੇ ਪੇਡਾ ਦੇ ਮਾਹਰਾਂ ਵੱਲੋਂ ਵਪਾਰਕ ਅਤੇ ਰਿਹਾਇਸ਼ੀ ਇਮਾਰਤਾਂ, ਟਿਕਾਊ ਉਸਾਰੀ ਕਲਾ ਅਤੇ ਨੈੱਟ ਜ਼ੀਰੋ ਐਨਰਜੀ ਬਿਲਡਿੰਗ ਦੀ ਵਿਵਹਾਰਕਤਾ ਲਈ ਈਸੀਬੀਸੀ ਦੀ ਵਰਤੋਂ ਬਾਰੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਹਸਪਤਾਲ ਦੀਆਂ ਇਮਾਰਤਾਂ ਵਿਚ ਊਰਜਾ ਦੀ ਬਚਤ ਸਬੰਧੀ ਦੂਜਾ ਤਕਨੀਕੀ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੁਪਰਇੰਨਟੈਂਡਿੰਗ ਹਸਪਤਾਲ ਇੰਜੀਨੀਅਰ, ਪੀਜੀਆਈ, ਚੰਡੀਗੜ੍ਹ ਸ੍ਰੀ ਪੀ.ਐੱਸ. ਸੈਣੀ ਅਤੇ ਸ੍ਰੀ ਰੂਪ ਚੰਦ, ਐਸ.ਈ., ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਇਲੈਕਟ੍ਰਿਕਲ, ਪੰਜਾਬ ਨੇ ਕੀਤੀ।
ਮਾਹਿਰਾਂ ਨੇ ਸਿਹਤ ਸੰਸਥਾਵਾਂ ਤੇ ਹਸਪਤਾਲਾਂ ਵਿਚ ਊਰਜਾ ਦੀ ਬਚਤ ਸਬੰਧੀ ਪੇਸ਼ਕਾਰੀਆਂ ਦਿੱਤੀਆਂ। ਇਸ ਵਰਕਸ਼ਾਪ ਵਿੱਚ 200 ਤੋਂ ਵੱਧ ਆਰਕੀਟੈਕਟਾਂ, ਇੰਜੀਨੀਅਰਾਂ, ਬਿਲਡਰਾਂ, ਵੱਖ ਵੱਖ ਭਾਈਵਾਲ ਵਿਭਾਗਾਂ/ਸੰਸਥਾਵਾਂ ਦੇ ਸਰਕਾਰੀ ਅਧਿਕਾਰੀਆਂ ਅਤੇ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
————–