ਕੋਵਿਡ ਮਰੀਜਾਂ ਦੀ ਸਿਹਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਉਣ ਲਈ ਰਾਜਿੰਦਰਾ ਹਸਪਤਾਲ ‘ਚ ਕਾਲ ਸੈਂਟਰ ਸਥਾਪਤ
ਕਾਲ ਸੈਂਟਰ ‘ਚ ਡੈਡੀਕੇਟਿਡ ਸਟਾਫ਼ ਕੋਵਿਡ ਮਰੀਜਾਂ ਦੇ ਵਾਰਸਾਂ ਨੂੰ ਕਰਵਾਏਗਾ ਉਨ੍ਹਾਂ ਦੀ ਸਿਹਤ ਤੋਂ ਜਾਣੂ-ਕੁਮਾਰ ਅਮਿਤ
ਨਿਊਜ਼ ਪੰਜਾਬ
ਪਟਿਆਲਾ, 6 ਅਗਸਤ: ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਸਥਾਪਤ ਕੋਵਿਡ ਵਾਰਡ ‘ਚ ਦਾਖਲ ਕੋਵਿਡ ਮਰੀਜਾਂ ਦੀ ਸਿਹਤ ਦੀ ਸਥਿਤੀ ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਕਾਲ ਸੈਂਟਰ ਸਥਾਪਤ ਕੀਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਾਲ ਸੈਂਟਰ ਮਿਸ਼ਨ ਫ਼ਤਿਹ ਤਹਿਤ ਸਥਾਪਤ ਕੀਤਾ ਗਿਆ ਹੈ ਤਾਂ ਕਿ ਮਰੀਜਾਂ ਦੇ ਵਾਰਸਾਂ ਨੂੰ ਕਿਸੇ ਤਰ੍ਹਾਂ ਦੀ ਦੁਵਿਧਾ ਨਾ ਰਹੇ ਅਤੇ ਉਨ੍ਹਾਂ ਦੇ ਕੋਵਿਡ ਮਰੀਜਾਂ ਦੀ ਸਿਹਤ ‘ਚ ਆਏ ਸੁਧਾਰਾਂ ਅਤੇ ਕਿਸੇ ਤਰ੍ਹਾਂ ਦੀ ਹੰਗਾਮੀ ਸਥਿਤੀ ਬਾਰੇ ਤੁਰੰਤ ਸੂਚਿਤ ਕੀਤਾ ਜਾ ਸਕੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਕੋਵਿਡ ਦੀ ਸਥਿਤੀ ਬਾਰੇ ਖ਼ੁਦ ਨਿਗਰਾਨੀ ਕਰ ਰਹੇ ਹਨ ਤੇ ਸਮੇਂ-ਸਮੇਂ ‘ਤੇ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ ਤਾਂ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਮਰੀਜਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਕਾਲ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਕੋਵਿਡ ਇੰਚਾਰਜ ਅਤੇ ਪੀ.ਡੀ.ਏ. ਦੇ ਪ੍ਰਸਾਸ਼ਕ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਉਂਜ ਭਾਵੇਂ 20 ਤੋਂ 25 ਮਰੀਜਾਂ ਦੇ ਵਾਰਸਾਂ ਨੂੰ ਰੋਜ਼ਾਨਾ ਫੋਨ ਕਰਕੇ ਮਰੀਜ ਦੀ ਮੈਡੀਕਲ ਹਾਲਤ ਬਾਰੇ ਦੱਸਿਆ ਜਾਂਦਾ ਹੈ ਪਰੰਤੂ ਇਹ ਕਾਲ ਸੈਂਟਰ ਵਿਸ਼ੇਸ਼ ਤੌਰ ‘ਤੇ ਸਥਾਪਤ ਕੀਤਾ ਗਿਆ ਹੈ, ਜਿੱਥੋਂ ਹਰ ਕੋਵਿਡ ਮਰੀਜ ਦੇ ਵਾਰਸ ਨੂੰ ਕਾਲ ਕੀਤੀ ਜਾਵੇਗੀ।
ਸ੍ਰੀਮਤੀ ਸੁਰਭੀ ਨੇ ਦੱਸਿਆ ਕਿ ਇਸ ਕਾਲ ਸੈਂਟਰ ਵਿਖੇ ਤਾਇਨਾਤ ਕੀਤੇ ਗਏ ਐਮ.ਬੀ.ਬੀ.ਐਸ. ਇਨਟਰਨਸ ਅਤੇ ਦੋ ਮੈਡੀਕਲ ਮਾਹਰ ਡਾਕਟਰਾਂ ਦੀ ਨਿਗਰਾਨੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਕੀਤੀ ਜਾਵੇਗੀ ਅਤੇ ਨਾਲ ਹੀ ਨੌਜਵਾਨ ਆਈ.ਏ.ਐਸ. ਅਧਿਕਾਰੀ ਤੇ ਸਹਾਇਕ ਕਮਿਸ਼ਨਰ ਡਾ. ਨਿਰਮਲ ਉਸੀਪਚਨ ਵੀ ਇਸ ਦੀ ਅਗਵਾਈ ਕਰਨਗੇ।