ਅਹਿਮਦਾਬਾਦ – 8 ਕੋਰੋਨਾ ਮਰੀਜ਼ਾਂ ਦੀ ਅੱਗ ਲੱਗਣ ਨਾਲ ਮੌਤ – ਇਕ ਨਿੱਜੀ ਹਸਪਤਾਲ ਦੇ ਆਈਸੀਯੂ ਵਾਰਡ ਨੂੰ ਲੱਗੀ ਅੱਗ

ਨਿਊਜ਼ ਪੰਜਾਬ

ਅਹਿਮਦਾਬਾਦ , 6 ਅਗਸਤ – ਅਹਿਮਦਾਬਾਦ ਵਿਚ ਵੀਰਵਾਰ ਨੂੰ ਕੋਵਿਡ -19 ਮਰੀਜ਼ਾਂ ਦੇ ਇਲਾਜ ਕਰ ਰਹੇ ਇਕ ਨਿੱਜੀ ਹਸਪਤਾਲ ਦੇ ਆਈਸੀਯੂ ਵਾਰਡ ਵਿਚ ਅੱਗ ਲੱਗਣ ਨਾਲ ਅੱਠ ਮਰੀਜ਼ਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਅਹਿਮਦਾਬਾਦ ਦੇ ਨਵਰੰਗਪੁਰ ਇਲਾਕੇ ਦੇ ਨਿਜ਼ੀ ਹਸਪਤਾਲ ਵਿਚ ਵੀਰਵਾਰ ਸਵੇਰੇ ਅੱਗ ਲੱਗ ਗਈ।

ਉਨ੍ਹਾਂ ਦੱਸਿਆ ਕਿ ਕੋਵਿਡ -19 ਦੇ 40 ਹੋਰ ਮਰੀਜ਼ਾਂ ਨੂੰ ਹਸਪਤਾਲ ਵਿੱਚੋਂ ਕੱਢ ਲਿਆ ਗਿਆ ਹੈ ਅਤੇ ਜਿਨ੍ਹਾਂ ਨੂੰ ਸ਼ਹਿਰ ਦੇ ਇਕ ਹੋਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ ਇੱਥੇ ਕੋਰੋਨਾ ਦੇ 50 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਸਪਤਾਲ ਪ੍ਰਸ਼ਾਸਨ ‘ਤੇ ਦੋਸ਼ ਹੈ ਕਿ ਉਨ੍ਹਾਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦੇਰ ਨਾਲ ਬੁਲਾਇਆ ਸੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਅਹਿਮਦਾਬਾਦ ਦੇ ਇਕ ਹਸਪਤਾਲ ਵਿਚ ਲੱਗੀ ਅੱਗ ਵਿਚ ਮਾਰੇ ਗਏ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੂੰ 2 – 2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ।ਅੱਗ ਲੱਗਣ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ ਵੀ 50,000 ਰੁਪਏ ਦਿੱਤੇ ਜਾਣਗੇ।