ਲੁਧਿਆਣਾ ਕੋਰੋਨਾ ਸਥਿਤੀ – 50 ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਕੀਤੀ ਮੀਟਿੰਗ- 200 ਆਈ.ਸੀ.ਯੂ. ਤੇ 500 ਨਾਨ-ਆਈ.ਸੀ.ਯੂ. ਬਿਸਤਰਿਆਂ ਦਾ ਹੋਵੇਗਾ ਵਾਧਾ – ਡਿਪਟੀ ਕਮਿਸ਼ਨਰ

ਨਿੱਜੀ ਹਸਪਤਾਲਾਂ ਨੇਂ ਕੋਵਿਡ ਇਲਾਜ਼ ਸ਼ੁਰੂ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਦਿੱਤਾ ਭਰੋਸਾ

ਨਿਊਜ਼ ਪੰਜਾਬ
ਲੁਧਿਆਣਾ, 04 ਅਗਸਤ  – ਜ਼ਿਲ੍ਹੇ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਆਏ ਚਿੰਤਾਜਨਕ ਵਾਧੇ ਦੇ ਮੱਦੇਨਜ਼ਰ, ਲਗਭਗ 50 ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਹਫ਼ਤੇ ਦੇ ਅੰਦਰ-ਅੰਦਰ ਉਨ੍ਹਾਂ ਦੇ ਹਸਪਤਾਲ ਵਿਚ ਕੋਵਿਡ 19 ਦਾ ਇਲਾਜ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਜਦੋਂ ਇਹ ਸਾਰੇ ਨਿੱਜੀ ਹਸਪਤਾਲਾਂ ਦੁਆਰਾ ਕੋਵਿਡ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ ਤਾਂ ਘੱਟੋ ਘੱਟ 200 ਆਈ.ਸੀ.ਯੂ. ਬਿਸਤਰੇ ਅਤੇ 500 ਨਾਨ-ਆਈ.ਸੀ.ਯੂ. (ਪੱਧਰ 2) ਦੇ ਬਿਸਤਰਿਆਂ ਦਾ ਵਾਧਾ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਪੁਲਿਸ ਲਾਈਨਜ਼ ਵਿਖੇ ਲਗਭਗ 50 ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ ਜਿਸ ‘ਚ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ, ਡੀਸੀਪੀ ਸ੍ਰੀ ਅਸ਼ਵਨੀ ਕਪੂਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਹਾਜ਼ਰ ਸਨ।
ਉਨ੍ਹਾ ਕਿਹਾ ਕਿ ਮੌਜੂਦਾ ਸਮੇਂ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਐਸ.ਪੀ.ਐਸ. ਹਸਪਤਾਲ, ਫੋਰਟਿਸ ਹਸਪਤਾਲ, ਦੀਪ ਹਸਪਤਾਲ, ਗੁਰੂ ਤੇਗ ਬਹਾਦੁਰ ਹਸਪਤਾਲ ਅਤੇ ਮੋਹਨ ਦੇਈ ਓਸਵਾਲ ਕੈਂਸਰ ਹਸਪਤਾਲ ਕੋਵਿਡ ਇਲਾਜ ਮੁਹੱਈਆ ਕਰਵਾ ਰਹੇ ਹਨ।
ਸ੍ਰੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਕੁਝ ਨਿੱਜੀ ਹਸਪਤਾਲਾਂ ਨੇ ਕੱਲ੍ਹ ਤੋਂ ਹੀ ਕੋਵਿਡ ਦਾ ਇਲਾਜ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ, ਕੁਝ ਅਗਲੇ 48 ਘੰਟਿਆਂ ਵਿੱਚ ਸ਼ੁਰੂ ਹੋ ਜਾਣਗੇ ਅਤੇ ਉਮੀਦ ਹੈ ਕਿ ਇਸ ਹਫ਼ਤੇ ਦੇ ਅੰਦਰ-ਅੰਦਰ ਘੱਟੋ ਘੱਟ 200 ਆਈ.ਸੀ.ਯੂ. ਬੈੱਡ ਅਤੇ 500 ਨਾਨ ਆਈਸੀਯੂ (ਪੱਧਰ 2) ਬਿਸਤਰਿਆਂ ‘ਚ ਵਾਧਾ ਹੋ ਜਾਵੇਗਾ। ਉਨ੍ਹਾਂ ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਕੁਲ ਆਈ.ਸੀ.ਯੂ. ਬੈੱਡਾਂ ਵਿਚੋਂ ਘੱਟੋ ਘੱਟ 50 ਪ੍ਰਤੀਸ਼ਤ ਬੈਡ ਕੋਵਿਡ ਦੇ ਇਲਾਜ ਲਈ ਰਾਖਵੇਂ ਰੱਖਣ।
ਉਨ੍ਹਾਂ ਸਿਵਲ ਸਰਜਨ ਲੁਧਿਆਣਾ ਨੂੰ ਨਿੱਜੀ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਲਈ ਮੈਡੀਕਲ ਅਤੇ ਹੋਰ ਸਿਹਤ ਸੰਭਾਲ ਅਮਲੇ ਨੂੰ ਸਿਖਲਾਈ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਹਸਪਤਾਲਾਂ ਦੇ ਡਾਕਟਰ ਇਸ ਮਕਸਦ ਲਈ ਵਿਸ਼ੇਸ਼ ਤੌਰ ‘ਤੇ ਬਣਾਈ ਗਈ ਰਾਜ ਪੱਧਰੀ ਮਾਹਰ ਕਮੇਟੀ ਤੋਂ ਇਲਾਜ਼ ਸੰਬੰਧੀ ਜਾਣਕਾਰੀ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਚੱਲ ਰਹੀ ਕੋਵਿਡ ਮਹਾਂਮਾਰੀ ਦੌਰਾਨ ਮਰੀਜ਼ਾਂ ਦਾ ਇਲਾਜ ਕਰਨਾ ਉਨ੍ਹਾਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਨਿੱਜੀ ਹਸਪਤਾਲਾਂ ਦਾ ਕੋਈ ਸਟਾਫ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਨੈਸ਼ਨਰ ਡਿਜਾਸ਼ਟਰ ਮੈਨੇਜਮੈਂਟ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।
ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਸਾਰੇ ਨਿੱਜੀ ਹਸਪਤਾਲਾਂ ਨੂੰ ਅੱਗੇ ਆ ਕੇ ਜ਼ਿਲਾ ਪ੍ਰਸ਼ਾਸਨ ਦੀ ਕੋਵਿਡ 19 ਵਿਰੁੱਧ ਲੜਾਈ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੇ ਹਸਪਤਾਲਾਂ ‘ਚ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ।
ਸ੍ਰੀ ਸੰਦੀਪ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਨੋਡਲ ਅਫਸਰ ਕੋਵਿਡ ਨੇ ਦੱਸਿਆ ਕਿ ਇਕ ਵਾਰ ਜਦੋਂ ਇਹ 50 ਨਿੱਜੀ ਹਸਪਤਾਲ ਕੋਵਿਡ ਇਲਾਜ ਮੁਹੱਈਆ ਕਰਵਾਉਣਾ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਦਾ ਡਾਟਾ ਨਵੇਂ ਵਿਕਸਤ ਮੋਬਾਈਲ ਐਪ ਵਿਚ ਵੀ ਜੋੜਿਆ ਜਾਵੇਗਾ ਤਾਂ ਜੋ ਲੋਕ ਜ਼ਿਲਾ ਲੁਧਿਆਣਾ ਦੇ ਨਿੱਜੀ ਹਸਪਤਾਲਾਂ ‘ਚ ਖਾਲੀ ਬਿਸਤਰੇ ਦੀ ਅਸਲ ਸਮੇਂ ਦੀ ਸਥਿਤੀ ਦੀ ਜਾਂਚ ਕਰ ਸਕਣ।