ਮਿਸ਼ਨ ਫਤਹਿ : ਕਰਫਿਊ/ਤਾਲਾਬੰਦੀ ਦੌਰਾਨ ਪੰਜਾਬ ਵਿੱਚ ਸੁੱਕੇ ਰਾਸ਼ਨ ਦੇ 15 ਲੱਖ ਪੈਕਟ ਵੰਡੇ ਗਏ : ਆਸ਼ੂ
ਨਿਊਜ਼ ਪੰਜਾਬ
ਚੰਡੀਗੜ, 1 ਅਗਸਤ
ਕਰੋਨਾ ਵਾਇਰਸ ਕਾਰਨ ਪੰਜਾਬ ਰਾਜ ਵਿੱਚ ਲਾਗੂ ਕਰਫਿਊ ਅਤੇ ਤਾਲਾਬੰਦੀ ਦੌਰਾਨ ਰਾਜ ਸਰਕਾਰ ਵੱਲੋਂ ਮਿਸ਼ਨ ਫਤਹਿ ਤਹਿਤ ਸੂਬੇ ਦੇ ਗਰੀਬ ਵਰਗ ਨੂੰ ਕੁੱਲ 15 ਲੱਖ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਗਏ ਹਨ। ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦਿੱਤੀ।
ਸ੍ਰੀ ਆਸ਼ੂ ਨੇ ਦੱਸਿਆ ਕਿ ਕੋਵਿਡ -19 ਮਹਾਂਮਾਰੀ ਦੇ ਫੈਲਣ ਦੇ ਮੱਦੇਨਜ਼ਰ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਮਾਰਚ 2020 ਦੇ ਅਖੀਰਲੇ ਹਫ਼ਤੇ ਦੌਰਾਨ ਪੂਰੇ ਭਾਰਤ ਵਿਚ ਮੁਕੰਮਲ ਤਾਲਾਬੰਦੀ/ ਕਰਫਿਊ ਲਗਾਇਆ ਗਿਆ ਸੀ। ਇਸ ਦੌਰਾਨ ਪੰਜਾਬ ਸਰਕਾਰ ਨੇ ਗਰੀਬਾਂ ਅਤੇ ਸਮਾਜ ਦਾ ਕਮਜ਼ੋਰ ਵਰਗ, ਜੋ ਕੌਮੀ ਖੁਰਾਕ ਸੁਰੱਖਿਆ ਐਕਟ, 2013 ਅਧੀਨ ਨਹੀਂ ਆਉਂਦਾ, ਦੀਆਂ ਮੁਸ਼ਕਿਲਾਂ ਤੁਰੰਤ ਘਟਾਉਣ ਲਈ ਅੱਗੇ ਆਉਣ ਦਾ ਫੈਸਲਾ ਕੀਤਾ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ 10 ਕਿੱਲੋਗ੍ਰਾਮ ਆਟਾ, 2 ਕਿੱਲੋ ਦਾਲ ਅਤੇ 2 ਕਿਲੋਗ੍ਰਾਮ ਚੀਨੀ ਸਮੇਤ 15 ਲੱਖ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਗਏਦੇ ਨਿਰਦੇਸ਼ ਜਾਰੀ ਕੀਤੇ ਗਏ। ਹਰੇਕ ਰਾਸ਼ਨ ਦੇ ਪੈਕੇਟ ਉਤੇ ਕਰੀਬ 460 ਰੁਪਏ ਖਰਚ ਕੀਤਾ ਗਿਆ।
ਉਨਾਂ ਦੱਸਿਆ ਕਿ ਅੰਮਿ੍ਰਤਸਰ ਵਿਚ 128000, ਬਰਨਾਲਾ ਵਿੱਚ 28500, ਬਠਿੰਡਾ 58000, ਫਰੀਦਕੋਟ 28000, ਫਤਿਹਗੜ ਸਾਹਿਬ 30000, ਫਾਜ਼ਿਲਕਾ 45000, ਫਿਰੋਜ਼ਪੁਰ 38700, ਗੁਰਦਾਸਪੁਰ 67500, ਹੁਸ਼ਿਆਰਪੁਰ 61000, ਜਲੰਧਰ 131550, ਕਪੂਰਥਲਾ 35500, ਲੁਧਿਆਣਾ 401000, ਮਾਨਸਾ 27000, ਮੋਗਾ 36000, ਪਠਾਨਕੋਟ 27500, ਪਟਿਆਲਾ 70000, ਰੂਪਨਗਰ 37000, ਸਾਹਿਬਜ਼ਾਦਾ ਅਜੀਤ ਸਿੰਘ ਨਗਰ 57000, ਸੰਗਰੂਰ 71500, ਸ਼ਹੀਦ ਭਗਤ ਸਿੰਘ ਨਗਰ 28500, ਸ੍ਰੀ ਮੁਕਤਸਰ ਸਾਹਿਬ 51750 ਅਤੇ ਤਰਨਤਾਰਨ ਵਿਚ 41000 ਵਿੱਚ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਗਏ।
ਸ਼੍ਰੀ ਆਸ਼ੂ ਨੇ ਦੱਸਿਆ ਕਿ ਇਨਾਂ 15 ਲੱਖ ਸੁੱਕੇ ਰਾਸ਼ਨ ਦੇ ਪੈਕਟਾਂ ਵਿਚੋਂ 1.2 ਲੱਖ ਸੁੱਕੇ ਰਾਸ਼ਨ ਦੇ ਪੈਕਟ ਵਿਸ਼ੇਸ਼ ਤੌਰ ‘ਤੇ ਲੁਧਿਆਣਾ, ਜਲੰਧਰ, ਅੰਮਿ੍ਰਤਸਰ, ਐਸ.ਏ.ਐਸ.ਨਗਰ ਅਤੇ ਬਟਾਲਾ ਸ਼ਹਿਰਾਂ ਵਿਚ ਸਥਿਤ ਪ੍ਰਵਾਸੀ ਮਜ਼ਦੂਰਾਂ ਨੂੰ ਵੰਡੇ ਗਏ। ਇਸ ਤੋਂ ਇਲਾਵਾ 2,00,000 ਹੋਰ ਸੁੱਕੇ ਰਾਸ਼ਨ ਦੇ ਪੈਕੇਟ, ਲੁਧਿਆਣਾ ਜ਼ਿਲੇ ਦੀ ਪ੍ਰਵਾਸੀ ਅਤੇ ਲੋੜਵੰਦ ਅਬਾਦੀ ਲਈ ਵਿਸ਼ੇਸ਼ ਤੌਰ ‘ਤੇ ਮਨਜ਼ੂਰ ਕੀਤੇ ਗਏ ਸਨ ਅਤੇ ਹੁਣ ਤੱਕ 94,700 ਸੁੱਕੇ ਰਾਸ਼ਨ ਪੈਕਟ ਵੰਡੇ ਜਾ ਚੁੱਕੇ ਹਨ।
ਉਨਾਂ ਅੱਗੇ ਦੱਸਿਆ ਕਿ ਸੁੱਕੇ ਦੇ ਰਾਸ਼ਨ ਪੈਕਟਾਂ ਦੀ ਵੰਡ ਸਬੰਧਤ ਜ਼ਿਲਾ ਪ੍ਰਸ਼ਾਸਨ ਰਾਹੀਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ । ਜਿਨਾਂ ਲਾਭਪਾਤਰੀਆਂ ਨੂੰ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਗਏ ਹਨ, ਉਨਾਂ ਦੀ ਪਛਾਣ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਤੇ ਅਜਿਹੇ ਲਾਭਪਾਤਰੀਆਂ ਸਬੰਧੀ ਪੂਰਾ ਆਨਲਾਈਨ ਰਿਕਾਰਡ ਮੈਨਟੇਨ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਸਮੇਂ ਆਤਮਾ ਨਿਰਭਰ ਸਕੀਮ ਅਧੀਨ ਸੂਬੇ ਦੀ ਪ੍ਰਵਾਸੀ/ਗੈਰ ਐਨ.ਐਫ.ਐੱਸ.ਏ. ਆਬਾਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 10 ਕਿਲੋਗ੍ਰਾਮ ਆਟਾ, 1 ਕਿਲੋ ਕਾਲਾ ਚਨਾ ਅਤੇ 1 ਕਿਲੋਗ੍ਰਾਮ ਚੀਨੀ ਵਾਲੇ 1414400 ਫੂਡ ਪੈਕਟਾਂ ਦੀ ਵੰਡ ਜਾਰੀ ਹੈ। ਇਸ ਵਿੱਚ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੀ ਗਈ ਕਣਕ ਨੂੰ ਪੀਸ ਕੇ (ਆਟਾ) ਵੰਡਣ ਲਈ ਪਹਿਲ ਕੀਤੀ ਹੈ ਅਤੇ ਪੈਕਟਾਂ ਵਿੱਚ ਚੀਨੀ ਸ਼ਾਮਿਲ ਕੀਤੀ ਗਈ ਹੈ ਤਾਂ ਜੋ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੌਰਾਨ ਗਰੀਬ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।