ਭਾਰਤੀ ਹਵਾਈ ਫੌਜ ਦੇ ਜਹਾਜ਼ ਨੂੰ ਚੀਨ ਆਉਣ ਦੀ ਆਗਿਆ ਨਹੀਂ – ਕੋਰੋਨਾ ਵਾਇਰਸ ਕਾਰਨ ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2345 ਤੇ ਪੁੱਜੀ

397 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਮਰੀਜ਼ਾਂ ਦੀ ਗਿਣਤੀ  76,288 ਹੋਈ

ਨਵੀਂ ਦਿੱਲੀ, 22 ਫਰਵਰੀ- ਚੀਨ ਦੇ ਵੂਹਾਨ ਸ਼ਹਿਰ ‘ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਭਾਰਤੀ ਹਵਾਈ ਫੌਜ ਦੇ ਜਹਾਜ਼ ਨੂੰ ਚੀਨ ਵਲੋਂ ਆਗਿਆ ਨਹੀਂ ਦਿੱਤੀ ਗਈ ਹੈ। ਅਸਲ ‘ਚ ਫੌਜ ਆਪਣੇ ਸੀ.-17 ਗਲੋਬਮਾਸਟਰ ਜਹਾਜ਼ ਨੂੰ ਵੂਹਾਨ ਭੇਜਣ ਵਾਲੀ ਸੀ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਚੀਨ ਜਾਣ-ਬੁੱਝ ਕੇ ਮਨਜ਼ੂਰੀ ਦੇਣ ‘ਚ ਦੇਰ ਕਰ ਰਿਹਾ ਹੈ। ਹਾਲਾਂਕਿ ਚੀਨ ਅਜੇ ਵੀ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਵਲੋਂ ਕੋਈ ਦੇਰ ਨਹੀਂ ਹੋਈ ਹੈ। ਦਵਾਈਆਂ ਲੈ ਕੇ ਜਾਣ ਵਾਲੀ ਭਾਰਤੀ ਹਵਾਈ ਫੌਜ ਦਾ ਇਹ ਜਹਾਜ਼ ਵਾਪਸੀ ‘ਚ ਵੂਹਾਨ ‘ਚ ਫਸੇ ਭਾਰਤੀਆਂ ਨੂੰ ਲੈ ਕੇ ਆਵੇਗਾ। ਦੂਜੇ ਪਾਸੇ  ਕੋਰੋਨਾ ਵਾਇਰਸ ਕਾਰਨ ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2345 ਹੋ ਗਈ ਹੈ, ਜਦਕਿ 397 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਹੁਣ ਤੱਕ 76,288 ਮਰੀਜ਼ਾਂ ਦੇ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਚੀਨ ਦੇ 31 ਸੂਬਿਆਂ ‘ਚੋਂ ਮਿਲੀ ਸੂਚਨਾ ਮੁਤਾਬਕ ਲਗਭਗ 76,288 ਮਰੀਜ਼ਾਂ ‘ਚ ਹੁਣ ਤੱਕ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ‘ਚੋਂ 53,284 ਲੋਕ ਅਜੇ ਵੀ ਬਿਮਾਰ ਹਨ, ਜਿਨ੍ਹਾਂ ‘ਚੋਂ 11,477 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉੱਥੇ ਹੀ 20,659 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ‘ਚੋਂ ਛੁੱਟੀ ਦੇ ਦਿੱਤੀ ਗਈ ਹੈ I