ਤਰਨ ਤਾਰਨ – ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨਾਂ ਨੂੰ ਮੁਫ਼ਤ ਇਲਾਜ ਸਕੀਮ ਲੈਣ ਲਈ ਬਿਨੈ-ਪੱਤਰ ਦੇਣ ਦੀ ਮਿਤੀ ‘ਚ ਵਾਧਾ-ਡਿਪਟੀ ਕਮਿਸ਼ਨਰ
ਹੁਣ ਸਕੀਮ ਅਧੀਨ 5 ਅਗਸਤ ਤੱਕ ਦਿੱਤੇ ਜਾ ਸਕਦੇ ਬਿਨੈ-ਪੱਤਰ
ਯੋਗ ਕਿਸਾਨਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ
ਨਿਊਜ਼ ਪੰਜਾਬ
ਤਰਨ ਤਾਰਨ, 26 ਜੁਲਾਈ : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਵੱਲ ਇਕ ਹੋਰ ਕਦਮ ਪੁੱਟਦਿਆਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ‘ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਦੀ ਸ਼ੁਰੂਆਤ ਗਈ ਹੈ, ਜਿਸ ਤਹਿਤ ਹੁਣ ਯੋਗ ਕਿਸਾਨ 5 ਅਗਸਤ, 2020 ਤੱਕ ਬਿਨੈਪੱਤਰ ਜਮ੍ਹਾ ਕਰਵਾ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਜੋ ਕਿਸਾਨ 1 ਜਨਵਰੀ, 2020 ਤੋਂ ਬਾਅਦ ਵੇਚੀ ਫਸਲ ਤੋਂ ਪ੍ਰਾਪਤ ‘ਜੇ ਫਾਰਮ‘ ਧਾਰਕ ਜਾਂ 1 ਨਵੰਬਰ, 2019 ਤੋਂ 31 ਮਾਰਚ, 2020 ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਧਾਰਨ ਹਨ ਉਹ ਲਾਭ ਉਠਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਵਲੋਂ ਸਵੈ ਘੋਸ਼ਣਾ ਪੱਤਰ ਸਬੰਧਿਤ ਮਾਰਕਿਟ ਕਮੇਟੀ ਦਫ਼ਤਰ/ਆੜਤੀਆ ਫਰਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਸਵੈ ਘੋਸ਼ਣਾ ਅਤੇ ਲੋੜੀਂਦੇ ਦਸਤਾਵੇਜ ਸਬੰਧਿਤ ਮਾਰਕਿਟ ਕਮੇਟੀ ਦਫ਼ਤਰ/ਆੜਤੀਆ ਫਰਮ ਵਿਖੇ ਜਮ੍ਹਾ ਕਰਵਾ ਸਕਦੇ ਹਨ।
ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਇਕ ਪਰਿਵਾਰ ਵਿੱਚ ਘਰ ਦਾ ਮੁੱਖੀ, ਪਤੀ/ਪਤਨੀ,ਮਾਤਾ/ਪਿਤਾ, ਅਣਵਿਆਹੇ ਬੱਚੇ, ਤਲਾਕਸ਼ਦਾ ਧੀ ਅਤੇ ਉਸ ਦੇ ਨਾਬਾਲਿਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਿਗ ਬੱਚੇ ਲਾਭ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਦਰਖਾਸਤ ਦੇਣ ਦੀ ਆਖਰੀ ਮਿਤੀ 5 ਅਗਸਤ, 2020 ਨਿਸ਼ਚਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਟੋਲ ਫਰੀ ਨੰਬਰ 104 ਤੋਂ ਲਈ ਜਾ ਸਕਦੀ ਹੈ ਜਾਂ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਤੋਂ ਦੇਖੀ ਜਾ ਸਕਦੀ ਹੈ।
——————