ਲੁਧਿਆਣਾ – ਕੋਵਿਡ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਕੋਈ ਉਡੀਕ ਸੂਚੀ ਨਹੀਂ ਬਣਾਈ ਜਾਂਦੀ – ਡਿਪਟੀ ਕਮਿਸ਼ਨਰ

ਕੋਵਿਡ ਪੀੜਤ ਮ੍ਰਿਤਕਾਂ ਦਾ ਸਸਕਾਰ ਉਸ ਦੇ ਪਰਿਵਾਰਕ ਮੈਂਬਰਾਂ ਦੀ ਇੱਛਾ ਅਨੁਸਾਰ ਕਿਸੇ ਵੀ ਸ਼ਮਸ਼ਾਨਘਾਟ ‘ਚ ਕੀਤਾ ਜਾ ਸਕਦਾ
ਸਪੱਸ਼ਟ ਕੀਤਾ ਕਿ ਕੋਵਿਡ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਐਲ.ਪੀ.ਜੀ./ਇਲੈਕਟ੍ਰਿਕ ਤਕਨੀਕ ਦੇ ਨਾਲ-ਨਾਲ ਰਵਾਇਤੀ ਬਾਲਣ ਦੀ ਲੱਕੜ ਦੀ ਵਰਤੋਂ ਨਾਲ ਵੀ ਕੀਤਾ ਜਾ ਸਕਦਾ ਹੈ –                                                                                     ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ

 

ਨਿਊਜ਼ ਪੰਜਾਬ

ਲੁਧਿਆਣਾ, 26 ਜੁਲਾਈ  – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਪੱਸ਼ਟ ਕੀਤਾ ਕਿ ਲੁਧਿਆਣਾ ਵਿੱਚ ਕੋਵਿਡ-19 ਪੀੜਤ ਮ੍ਰਿਤਕਾਂ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਕੋਈ ਵਿਸ਼ੇਸ਼ ਸ਼ਮਸ਼ਾਨਘਾਟ ਨਹੀਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਪੋਜ਼ਟਿਵ ਮ੍ਰਿਤਕ ਦੇ ਪਰਿਵਾਰਕ ਮੈਂਬਰ ਆਪਣੀ ਧਾਰਮਿਕ ਮਾਨਤਾਵਾਂ ਅਨੁਸਾਰ, ਜਿਸ ਵੀ ਧਰਮ ਨੂੰ ਉਹ ਮੰਨਦੇ ਹਨ, ਕਿਸੇ ਵੀ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਸਸਕਾਰ ਕਰ ਸਕਦੇ ਹਨ।
ਸ੍ਰੀ ਸ਼ਰਮਾ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਕੋਵਿਡ ਪ੍ਰੋਟੋਕੋਲ ਦੇ ਅਨੁਸਾਰ ਕੋਵੀਡ-19 ਨਾਲ ਸਬੰਧਤ ਸਾਰੇ ਲਾਜ਼ਮੀ ਉਪਾਅ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਦੋਂ ਕੋਵਿਡ ਪੀੜਤਾਂ ਦੀਆਂ ਲਾਸ਼ਾਂ ਦਾ ਅੰਤਮ ਸਸਕਾਰ ਕੀਤਾ ਜਾ ਰਿਹਾ ਹੋਵੇ। ਉਨ੍ਹਾਂ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਲਾਸ਼ਾਂ ਦਾ ਸਸਕਾਰ ਕਰਨ ਲਈ ਬਾਲਣ ਦੀ ਲੱਕੜ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਅਤੇ ਐਲ.ਪੀ.ਜੀ. ਜਾਂ ਇਲੈਕਟ੍ਰਿਕ ਸ਼ਮਸ਼ਾਨਘਾਟ ਦੀ ਵਰਤੋਂ ਕਰਨੀ ਲਾਜ਼ਮੀ ਨਹੀਂ ਹੈ।  ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਹੋਰ ਹਿੱਸਿਆਂ ਅਤੇ ਇਥੋਂ ਤੱਕ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਕੋਵਿਡ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਰਵਾਇਤੀ ਬਾਲਣ ਦੀ ਲੱਕੜ ਦੀ ਵੀ ਵਰਤੋਂ ਕਰਕੇ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਕੋਈ ਵੀ ਉਡੀਕ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੁਆਰਾ ਤਿਆਰ ਨਹੀ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਲੋਕ ਕੌਵਿਡ ਪੀੜਤਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਕਦੇ ਵੀ ਕਰ ਸਕਦੇ ਹਨ ਜਦੋਂ ਉਹ ਚਾਹੁੰਦੇ ਹਨ ਅਤੇ ਕਿਸੇ ਵੀ ਸ਼ਮਸ਼ਾਨਘਾਟ ਵਿਖੇ ਜਿੱਥੇ ਉਹ ਕਰਨਾ ਚਾਹੁੰਦੇ ਹਨ। ਕਾਨੂੰਨ ਅਨੁਸਾਰ ਕਿਸੇ ਵੀ ਸ਼ਮਸ਼ਾਨ ਘਾਟ ਦੇ ਪ੍ਰਬੰਧਕ ਕੋਰੋਨਾ ਦੇ ਮ੍ਰਿਤਕਾਂ ਦੀਆਂ ਦੇਹਾਂ ਦਾ ਸਸਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ। ਉਨ੍ਹਾਂ ਦੁਬਾਰਾ ਦੁਹਰਾਇਆ ਕਿ ਲੁਧਿਆਣਾ ਵਿੱਚ ਕੋਵਿਡ 19 ਦੇ ਮ੍ਰਿਤਕਾਂ ਦੀਆਂ ਦੇਹਾਂ ਦੇ ਸਸਕਾਰ ਲਈ ਕੋਈ ਵਿਸ਼ੇਸ਼ ਸ਼ਮਸ਼ਾਨ ਘਾਟ ਨਹੀਂ ਬਣਾਇਆ ਗਿਆ ਹੈ।
ਉਨ੍ਹਾਂ ਵਿਸ਼ਵਾਸ਼ ਦਿੱਤਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਭਲਾਈ ਲਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿੱਜੀ ਹਸਪਤਾਲਾਂ ਵਿਚ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਇਕ ਸਮਰਪਿਤ ਪੋਰਟਲ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਹਰੇਕ ਹਸਪਤਾਲ ਵਿਚ ਖਾਲੀ ਪਏ ਬੈਡ ਦੀ ਅਸਲ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਖ਼ਾਸ ਹਸਪਤਾਲ ਵਿਚ ਬੈਡ ਖਾਲੀ ਨਾ ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਨੇੜਲੇ ਹਸਪਤਾਲ ਵਿਚ ਤਬਦੀਲ ਕੀਤਾ ਜਾ ਸਕੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਹੁਣ ਕੋਈ ਵੀ ਹਸਪਤਾਲ ਖਾਲੀ ਪਏ ਬੈਡ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਲੁਕਾ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦਾ ਸਿੱਧਾ ਕੰਟਰੋਲ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕੋਲ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਨਿੱਜੀ ਹਸਪਤਾਲਾਂ ਨੂੰ ਵੀ ਸਾਂਝੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਗਈਆਂ ਅਫਵਾਹਾਂ ਤੋਂ ਗੁਰੇਜ਼ ਕਰਨ।