72 ਕਰੋੜ ਰੁਪਏ ਦੀ ਟੈਕਸ ਚੋਰੀ ਫੜੀ – ਫੈਕਟਰੀ ਸੀਲ – ਡਾਇਰੈਕਟੋਰੇਟ ਜਨਰਲ ਆਫ ਗੁਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ ਨੇ ਕੀਤੀ ਕਾਰਵਾਈ
ਨਿਊਜ਼ ਪੰਜਾਬ
ਕੋਟਾ ( ਰਾਜਿਸਥਾਨ ), 22 ਜੁਲਾਈ – ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਗੁਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਉਦਯੋਗਪਤੀ ਦੇ ਗੋਰਖ – ਧੰਦੇ ਦਾ ਪੜਦਾ ਫਾਸ਼ ਕਰਦਿਆਂ 72 ਕਰੋੜ ਰੁਪਏ ਦੀ ਟੈਕਸ ਚੋਰੀ ਫੜੀ ਹੈ I
ਵਿਸ਼ੇਸ਼ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਡਾਇਰੈਕਟੋਰੇਟ ਜਨਰਲ ਆਫ ਗੁਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ, ਹੈਡਕੁਆਰਟਰ (ਡੀਜੀਜੀਆਈ, ਹੈਕਰ) ਨੇ ਕੋਟਾ ਵਿਚ ਇਕ ਫੈਕਟਰੀ ਰਾਹੀਂ ਸਿਗਰਟਾਂ ਦੇ ਗੈਰ ਕਾਨੂੰਨੀ ਧੰਦੇ ਦਾ ਖੁਲਾਸਾ ਕੀਤਾ ਹੈ।
ਕੋਟਾ ਅਤੇ ਨਾਗੌਰ ਵਿਚ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰਕੇ ਤਲਾਸ਼ੀ ਲਈ ਗਈ, ਜਿਸ ਵਿਚ ਫੈਕਟਰੀ, ਵਪਾਰਕ ਫਰਮਾਂ, ਗੋਦਾਮ, ਗੁਪਤ ਦਫ਼ਤਰ ਅਤੇ ਮਾਲਕਾਂ ਦੇ ਘਰ ਸ਼ਾਮਲ ਹਨ । ਤਲਾਸ਼ੀ ਦੌਰਾਨ ਟੈਕਸ ਅਤੇ ਡਿਊਟੀਆਂ ਦਾ ਭੁਗਤਾਨ ਕੀਤੇ ਬਿਨਾਂ ਸਿਗਰਟਾਂ ਦੀ ਸਪਲਾਈ ਨਾਲ ਸਬੰਧਿਤ ਅਪਰਾਧਿਕ ਦਸਤਾਵੇਜ਼ ਅਤੇ ਇਲੈਕਟਰਾਨਿਕ ਯੰਤਰ ਬਰਾਮਦ ਕੀਤੇ ਗਏ ਹਨ । ਇਸ ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੁਣ ਤੱਕ 72 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਚੋਰੀ ਹੋਇਆ ਹੈ। ਜ਼ਬਤ ਕੀਤੇ ਦਸਤਾਵੇਜ਼ਾਂ ਤੋਂ ਮਿਲੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਤਾਲਾਬੰਦੀ ਦੇ ਸਮੇਂ ਦੌਰਾਨ ਵੀ ਸਿਗਰਟਾਂ ਦੀ ਸਪਲਾਈ ਕੀਤੀ ਜਾ ਰਹੀ ਸੀ। ਇਸ ਸਬੰਧੀ ਸੀਜੀਐਸਟੀ ਐਕਟ, 2017 ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਵਿੱਚ ਅਗਲੇਰੀ ਜਾਂਚ ਅਜੇ ਵੀ ਚੱਲ ਰਹੀ ਹੈ।