ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ ਗਾਇਨ ਮੁਕਾਬਲੇ ਅੱਜ ਤੋਂ
ਨਿਊਜ਼ ਪੰਜਾਬ
ਨਵਾਂਸ਼ਹਿਰ, 19 ਜੁਲਾਈ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ’ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਦੂਸਰੀ ਪ੍ਰਤੀਯੋਗਤਾ ਗੀਤ ਗਾਇਨ 20 ਜੁਲਾਈ ਤੋਂ ਆਰੰਭ ਹੋਵੇਗੀ। ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ’ਚ ਇਨਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਹੋਈ ਹੈ, ਜਿਸ ਵਿਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 20410 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਜਿਲਾ ਸਿੱਖਿਆ ਅਫਸਰ (ਸੈ.) ਸੁਸ਼ੀਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ ਇਨਾਂ ਸਕੂਲ ਪੱਧਰ ਦੇ ਗੀਤ ਗਾਇਨ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 20 ਤੋਂ 24 ਜੁਲਾਈ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ’ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ। ਪ੍ਰਤੀਯੋਗੀ ਆਪਣੇ ਨਾਲ ਵੱਧ ਤੋਂ ਵੱਧ ਦੋ ਸਜਿੰਦੇ ਰੱਖ ਸਕਦਾ ਹੈ। ਸਾਰੇ ਵਰਗਾਂ ਦੇ ਪ੍ਰਤੀਯੋਗੀ 3 ਤੋਂ 5 ਮਿੰਟ ‘ਚ ਗੀਤ ਗਾਇਨ ਕਰਕੇ, ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਗੀਤ ਪੂਰੀ ਤਰਾਂ ਗੁਰ ਮਰਿਆਦਾ ਤੇ ਨਿਯਮਾਂ ਅਨੁਸਾਰ ਸ੍ਰੀ ਗੁਰੁ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜੀਵਨ, ਸਿਧਾਂਤਾਂ, ਉਦੇਸ਼ਾਂਂ, ਉਸਤਤ ਤੇ ਕੁਰਬਾਨੀ ’ਤੇ ਆਧਾਰਤ ਪੇਸ਼ ਕੀਤੇ ਜਾਣਗੇ। 25 ਜੁਲਾਈ ਨੂੰ ਵੱਖ-ਵੱਖ ਸਕੂਲਾਂ ਦੇ ਪਹਿਲੇ ਸਥਾਨ ’ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਵੀਡੀਓਜ਼ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁਖੀ ਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵੱਲੋਂ ਦਿੱਤੇ ਗਏ ਗੂਗਲ ਫਾਰਮ ’ਚ ਭਰਨਗੇ।
ਇਸ ਤੋਂ ਅੱਗੇ ਬਲਾਕ, ਜ਼ਿਲਾ ਤੇ ਰਾਜ ਪੱਧਰੀ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਹੋਵੇਗੀ। ਉਨਾਂ ਕਿਹਾ ਕਿ ਗੀਤ ਗਾਇਨ ਮੁਕਾਬਲੇ ਨੂੰ ਵੀ ਸ਼ਬਦ ਗਾਇਨ ਵਾਂਗ ਹੀ ਵਿਦਿਆਰਥੀਆਂ ਵੱਲੋਂ ਵੱਡਾ ਹੁੰਗਾਰਾ ਮਿਲਣ ਦੀ ਆਸ ਹੈ। ਉਨਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਇਸ ਉਪਰਾਲੇ ਨਾਲ ਜਿਥੇ ਦੇਸ਼-ਵਿਦੇਸ਼ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਨੂੰ ਪਹੁੰਚਾਇਆ ਜਾ ਰਿਹਾ ਹੈ ਉਥੇ ਪੰਜਾਬ ਭਰ ਤੋਂ ਸਮਾਜ ਸੇਵੀ ਸੰਸਥਾਵਾਂ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਅਤੇ ਆਮ ਲੋਕਾਂ ਦੁਆਰਾ ਸਕੂਲ ਸਿੱਖਿਆ ਵਿਭਾਗ ਦੇ ਅਜਿਹੇ ਯਤਨਾਂ ਦੀ ਭਰਪੂਰ ਸ਼ਲਾਘਾ ਹੋ ਰਹੀ ਹੈ।