ਕੋਰੋਨਾ ਮਹਾਂਮਾਰੀ ਬਾਰੇ ਗ਼ਲਤ ਸੂਚਨਾ ਫੈਲਾਉਣ ਵਾਲੇ ਵਿਰੁੱਧ ਮਾਮਲਾ ਦਰਜ

-ਫਰੰਟਲਾਇਨ ਯੋਧਿਆਂ ਵਿਰੁੱਧ ਭਰਮ ਭੁਲੇਖੇ ਪੈਦਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ : ਐਸ.ਐਸ.ਪੀ. ਸਿੱਧੂ

ਨਿਊਜ਼ ਪੰਜਾਬ

ਪਟਿਆਲਾ, 16 ਜੁਲਾਈ: ਪਟਿਆਲਾ ਪੁਲਿਸ ਨੇ ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਫਰੰਟਲਾਇਨ ‘ਤੇ ਕੰਮ ਕਰ ਰਹੇ ਕੋਰੋਨਾ ਯੋਧਿਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ ‘ਤੇ ਕੋਰੋਨਾ ਵਾਇਰਸ ਸਬੰਧੀਂ ਗ਼ਲਤ ਸੂਚਨਾ ਫੈਲਾਉਣ ਵਾਲੇ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਦੇ ਦਫ਼ਤਰ ਵੱਲੋਂ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੰਟੇਨਮੈਂਟ ਜੋਨ ਐਲਾਨੇ ਗਏ ਪਟਿਆਲਾ ਦੇ ਤੋਪਖਾਨਾ ਇਲਾਕੇ ਵਿੱਚ ਕੋਈ ਵਿਅਕਤੀ ਕੋਰੋਨਾ ਮਹਾਂਮਾਰੀ ਨੂੰ ਲੈਕੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਗ਼ਲਤ ਸੂਚਨਾਵਾਂ ਫੈਲਾ ਰਿਹਾ ਹੈ, ਜਿਸ ਨਾਲ ਲੋਕਾਂ ‘ਚ ਭਰਮ ਭੁਲੇਖੇ ਪੈਦਾ ਹੋ ਰਹੇ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀਂ ਥਾਣਾ ਕੋਤਵਾਲੀ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 188 ਤੇ 269 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀਆਂ ਧਾਰਾਵਾਂ 51 ਤੇ 54 ਤਹਿਤ ਮਾਮਲਾ ਦਰਜ ਕੀਤਾ ਹੈ। ਸ. ਸਿੱਧੂ ਨੇ ਦੱਸਿਆ ਕਿ ਮੁਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਕਿ ਇੱਕ ਰੋਨਕ ਅਸਟੇਟਸ ਨਾ ਦੀ ਫੇਸਬੁਕ ਆਈ.ਡੀ. ਤੋਂ ਕੋਈ ਅਣਪਛਾਤਾ ਵਿਅਕਤੀ ਗ਼ਲਤ ਸੂਚਨਾ ਫੈਲਾਅ ਕੇ ਲੋਕਾਂ ਨੂੰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵਿਰੁੱਧ ਭੜਕਾਅ ਰਿਹਾ ਸੀ, ਜਿਸ ਕਰਕੇ ਕੰਟੇਨਮੈਂਟ ਜੋਨ ‘ਚ ਆਪਣੀ ਡਿਊਟੀ ਨਿਭਾ ਰਹੇ ਮੈਡੀਕਲ ਅਮਲੇ ਦੇ ਕੰਮ ‘ਚ ਵਿਘਨ ਪਿਆ।
ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖਮ ‘ਚ ਪਾ ਕੇ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਕੰਮ ਕਰ ਰਹੇ ਫਰੰਟਲਾਇਨ ਯੋਧਿਆਂ ਦੀ ਸੁਰੱਖਿਆ ਬਾਰੇ ਪਟਿਆਲਾ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਯੋਧਿਆਂ ਖ਼ਿਲਾਫ਼ ਗ਼ਲਤ ਸੂਚਨਾਵਾਂ ਅਤੇ ਕਿਸੇ ਵੀ ਤਰ੍ਹਾਂ ਅਫ਼ਵਾਹਾਂ ਫੈਲਾ ਕੇ ਇਨ੍ਹਾਂ ਦਾ ਮਨੋਬਲ ਡੇਗਣ ਦੀ ਕਾਰਵਾਈ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਵੇਗੀ।
ਐਸ.ਐਸ.ਪੀ. ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਇੱਕ ਟੀਮ ਵਜੋਂ ਕੰਮ ਕਰਨ ਅਤੇ ਕਿਸੇ ਵੀ ਪਲੈਟਫਾਰਮ ‘ਤੇ ਅਜਿਹੀਆਂ ਗ਼ਲਤ ਸੂਚਨਾਵਾਂ ਜਾਂ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਵਰਨਾਂ ਅਜਿਹੇ ਗ਼ੈਰ ਸਮਾਜੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।