ਭਾਰਤ ਵਲੋਂ ਵਿਦੇਸ਼ੀ ਉੱਡਾਣਾ ਸ਼ੁਰੂ ਕਰਨ ਲਈ ਹਰੀ ਝੰਡੀ – ਵੇਖੋ 18 ਜੁਲਾਈ ਤੋਂ ਕਿਹੜੇ ਦੇਸ਼ਾਂ ਨੂੰ ਮਿਲੀ ਇਜ਼ਾਜ਼ਤ

ਨਿਊਜ਼ ਪੰਜਾਬ

ਨਵੀ ਦਿੱਲੀ , 16 ਜੁਲਾਈ – ਭਾਰਤ ਸਰਕਾਰ 18 ਜੁਲਾਈ ਤੋਂ ਵਿਦੇਸ਼ੀ ਉਡਾਣਾਂ ਦੀ ਆਵਾਜਾਈ ਸ਼ੁਰੂ ਕਰੇਗੀ I ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਵੰਦੇ ਭਾਰਤ ਮਿਸ਼ਨ ਬਾਰੇ ਇੱਕ ਪ੍ਰੈੱਸ ਕਾਨਫਰੰਸ ਕਰਦਿਆਂ ਉਕਤ ਐਲਾਨ ਕੀਤਾ I ਇਸ ਦੌਰਾਨ ਉਨ੍ਹਾਂ ਕਿਹਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਾਰਨ ਬੰਦ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀਆਂ ਮਹੱਤਵਪੂਰਨ ਯੋਜਨਾਵਾਂ ਬਣਾਈਆਂ ਹਨ ।

ਕੇਂਦਰੀ ਮੰਤਰੀ ਸ੍ਰ.ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਫਰਾਂਸ ਏਅਰਲਾਈਨਜ਼ 18 ਜੁਲਾਈ ਤੋਂ ਇਕ ਅਗਸਤ ਤੱਕ ਦਿੱਲੀ, ਮੁੰਬਈ ਅਤੇ ਬੈਂਗਲੁਰੂ ਤੋਂ ਪੈਰਿਸ ਲਈ 28 ਉਡਾਣਾਂ ਦਾ ਸੰਚਾਲਨ ਕਰੇਗੀ। ਇਸ ਤੋਂ ਇਲਾਵਾ, ਯੂ.ਐੱਸ. ਏਅਰਲਾਈਨਜ਼ ਦੀਆਂ 18 ਉਡਾਣਾਂ 17 ਤੋਂ 31 ਜੁਲਾਈ ਦੇ ਵਿਚਕਾਰ ਭਾਰਤ ਆਉਣਗੀਆਂ I

ਇਸ ਤੋਂ ਇਲਾਵਾ ਜਰਮਨ ਏਅਰਲਾਈਨਜ਼ ਨੇ ਭਾਰਤ ਲਈ ਉਡਾਣਾਂ ਚਲਾਉਣ ਦੀ ਵੀ ਇਜਾਜ਼ਤ ਮੰਗੀ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਕਰਕੇ ਅੰਤਰਰਾਸ਼ਟਰੀ ਹਵਾਈ ਯਾਤਰਾ ਸੇਵਾ ‘ਤੇ 23 ਮਾਰਚ ਤੋਂ ਪਾਬੰਦੀ ਲਾਈ ਗਈ ਸੀ ।
ਉਨ੍ਹਾਂ ਕਿਹਾ ਕਿ ਹੁਣ ਤੱਕ ਦੋ ਲੱਖ 80 ਹਜ਼ਾਰ ਭਾਰਤੀ ਵਿਦੇਸ਼ਾਂ ਤੋਂ ਵਾਪਸ ਲਿਆਂਦੇ ਜਾ ਚੁੱਕੇ ਹਨ। ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਦੁਬਈ ਅਤੇ ਯੂਏਈ ਤੋਂ ਵਾਪਸ ਲਿਆਂਦਾ ਗਿਆ ਹੈ ਜਦੋਂ ਕਿ ਇਸ ਮਿਸ਼ਨ ਤਹਿਤ ਅਮਰੀਕਾ ਤੋਂ 30,000 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਹੁਣ ਤੱਕ 4 ਪੜਾਵਾਂ ਵਿੱਚ 7 ਮਈ – 16 ਮਈ – 12,708 ਯਾਤਰੂ , 16 ਮਈ- 13 ਜੂਨ- 59,576 ਯਾਤਰੀ , 9 ਜੂਨ – 3 ਜੁਲਾਈ – 89,243 ਯਾਤਰੀ ਅਤੇ ਚੌਥੇ ਪੜਾਅ ਵਿੱਚ 1 ਜੁਲਾਈ ਤੋਂ ਮਿਤੀ (13 ਜੁਲਾਈ) – 47,197 ਯਾਤਰੂਆਂ ਨੂੰ ਉਨ੍ਹਾਂ ਦੇ ਟਿਕਾਣੇ ਪਹੁੰਚਾਇਆ ਗਿਆ |