ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ – ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਹਿੱਸਾ ਲੈਣ ਵਿੱਚ ਮਾਰੀ ਬਾਜ਼ੀ
ਨਿਊਜ਼ ਪੰਜਾਬ
ਚੰਡੀਗੜ੍ਹ, 14 ਜੁਲਾਈ – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਗਿਣਤੀ ਵਿੱਚ ਹਿੱਸਾ ਲੈਣ ਦਾ ਮਾਣ ਹਾਸਲ ਕੀਤਾ ਹੈ। ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸਨ ਕੁਮਾਰ ਦੀ ਦੇਖ-ਰੇਖ ਵਿੱਚ ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਹੋਈ ਹੈ। ਜਿਸ ਵਿੱਚ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 20410 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ਵਿੱਚ ਹਿੱਸਾ ਲਿਆ।
ਇਹ ਖੁਲਾਸਾ ਕਰਦਿਆਂ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦਾ ਐਲੀਮੈਂਟਰੀ ਵਿੰਗ 1442 ਪ੍ਰਤੀਯੋਗੀਆਂ ਨਾਲ ਪੰਜਾਬ ਭਰ ਵਿੱਚੋਂ ਓਵਰਆਲ ਅੱਵਲ ਰਿਹਾ ਹੈ। ਸੰਯੁਕਤ ਰੂਪ ਵਿੱਚ ਵੀ ਪਟਿਆਲਾ ਜ਼ਿਲ੍ਹੇ ਦੇ ਸੈਕੰਡਰੀ ਤੇ ਐਲੀਮੈਂਟਰੀ ਵਿੰਗ ਦੇ 2316 ਵਿਦਿਆਰਥੀਆਂ ਨੇ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ, ਪੰਜਾਬ ਭਰ ਵਿੱਚੋਂ ਮੋਹਰੀ ਰਹਿਣ ਦਾ ਮਾਣ ਪ੍ਰਾਪਤ ਕੀਤਾ। ਜਲੰਧਰ ਜ਼ਿਲ੍ਹਾ 1770 ਨਾਲ ਦੂਸਰੇ, ਲੁਧਿਆਣਾ ਜ਼ਿਲ੍ਹਾ 1624 ਨਾਲ ਤੀਸਰੇ ਤੇ ਸੰਗਰੂਰ ਜ਼ਿਲ੍ਹਾ 1484 ਪ੍ਰਤੀਯੋਗੀਆਂ ਨਾਲ ਰਾਜ ਭਰ ਵਿੱਚੋਂ ਚੌਥੇ ਸਥਾਨ ਉਤੇ ਰਿਹਾ। ਇਸ ਦੇ ਨਾਲ ਹੀ ਪ੍ਰਤੀਯੋਗਤਾ ਦਾ ਸਕੂਲ ਪੱਧਰ ਦਾ ਪੜਾਅ ਨੇਪਰੇ ਚੜ੍ਹ ਚੁੱਕਿਆ ਹੈ ਅਤੇ ਹੁਣ ਬਲਾਕ ਪੱਧਰ ਦੇ ਮੁਕਾਬਲੇ ਹੋਣਗੇ। ਪ੍ਰਾਇਮਰੀ ਵਰਗ ਵਿੱਚ ਪਟਿਆਲਾ ਜ਼ਿਲ੍ਹੇ ਨੇ 1442 ਪ੍ਰਤੀਯੋਗੀਆਂ ਨਾਲ ਪਹਿਲਾ, ਲੁਧਿਆਣਾ ਜ਼ਿਲ੍ਹੇ ਨੇ 795 ਨਾਲ ਦੂਸਰਾ ਤੇ ਜਲੰਧਰ ਜ਼ਿਲ੍ਹੇ ਨੇ 794 ਪ੍ਰਤੀਯੋਗੀਆਂ ਨਾਲ ਤੀਸਰਾ, ਸੈਕੰਡਰੀ ਵਿੰਗ ਵਿੱਚੋਂ ਜਲੰਧਰ ਜ਼ਿਲ੍ਹੇ ਨੇ 449 ਪ੍ਰਤੀਯੋਗੀਆਂ ਨਾਲ ਪਹਿਲਾ, ਸੰਗਰੂਰ ਜ਼ਿਲ੍ਹੇ ਨੇ 437 ਨਾਲ ਦੂਸਰਾ ਤੇ ਲੁਧਿਆਣਾ ਜ਼ਿਲ੍ਹੇ ਨੇ 405 ਪ੍ਰਤੀਯੋਗੀਆਂ ਨਾਲ ਤੀਸਰਾ, ਮਿਡਲ ਵਿੰਗ ਵਿੱਚੋਂ ਸੰਗਰੂਰ ਜ਼ਿਲ੍ਹੇ ਨੇ 489 ਪ੍ਰਤੀਯੋਗੀਆਂ ਨਾਲ ਪਹਿਲਾ, ਪਟਿਆਲਾ ਜ਼ਿਲ੍ਹੇ ਨੇ 449 ਨਾਲ ਦੂਸਰਾ ਤੇ ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨੇ 448 ਪ੍ਰਤੀਯੋਗੀਆਂ ਨਾਲ ਤੀਜਾ ਸਥਾਨ ਹਾਸਲ ਕੀਤਾ।
ਪ੍ਰਾਇਮਰੀ ਵਿੰਗ ਵਿੱਚੋਂ ਬਲਾਕ ਖੂਹੀਆਂ ਸਰਵਰ (ਫਾਜ਼ਿਲਕਾ) ਨੇ 194 ਪ੍ਰਤੀਯੋਗੀਆਂ ਨਾਲ ਪਹਿਲਾ, ਸੰਗਰੂਰ ਬਲਾਕ ਨੇ 157 ਪ੍ਰਤੀਯੋਗੀਆਂ ਨਾਲ ਦੂਜਾ ਤੇ ਪਟਿਆਲਾ 1 ਬਲਾਕ ਨੇ 154 ਪ੍ਰਤੀਯੋਗੀਆਂ ਨਾਲ ਰਾਜ ਭਰ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਮਿਡਲ ਵਿੰਗ ਵਿੱਚੋਂ ਬਲਾਕ ਬੱਸੀ ਪਠਾਣਾਂ (ਸ੍ਰੀ ਫਤਹਿਗੜ੍ਹ) ਸਾਹਿਬ ਨੇ 86 ਪ੍ਰਤੀਯੋਗੀਆਂ ਨਾਲ ਪਹਿਲਾ, ਮਾਨਸਾ ਬਲਾਕ ਨੇ 79 ਨਾਲ ਦੂਜਾ ਤੇ ਝੁਨੀਰ ਬਲਾਕ (ਮਾਨਸਾ) ਨੇ 71 ਪ੍ਰਤੀਯੋਗੀਆਂ ਨਾਲ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਸੈਕੰਡਰੀ ਵਿੰਗ ਵਿੱਚੋਂ ਬਲਾਕ ਸ਼ੇਰਪੁਰ (ਸੰਗਰੂਰ) ਨੇ 67 ਪ੍ਰਤੀਯੋਗੀਆਂ ਨਾਲ ਪਹਿਲਾ, ਬੁਢਲਾਡਾ-1 (ਮਾਨਸਾ) ਨੇ 66 ਪ੍ਰਤੀਯੋਗੀਆਂ ਨਾਲ ਦੂਸਰਾ, ਬਰੇਟਾ (ਮਾਨਸਾ) ਤੇ ਰਾਮਪੁਰਾ ਫੂਲ (ਬਠਿੰਡਾ) ਨੇ 63-63 ਪ੍ਰਤੀਯੋਗੀਆਂ ਨਾਲ ਰਾਜ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ।