ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ – ਲੁਧਿਆਣਾ ਅਤੇ ਫਤਹਿਗੜ ਸਾਹਿਬ ਵਿੱਚ ਡਿਫੈਂਸ ਇੰਡਸਟ੍ਰੀਅਲ ਕਾਰੀਡੋਰ ਸਥਾਪਤ ਕੀਤਾ ਜਾਵੇ-ਡਾ. ਅਮਰ ਸਿੰਘ

 

ਜੇ ਕਾਰੀਡੋਰ ਬਣਿਆ ਤਾਂ

ਡਿਫੈਂਸ ਇੰਡਸਟ੍ਰੀਅਲ ਕਾਰੀਡੋਰ ਲੁਧਿਆਣਾ ,ਸਾਹਨੇਵਾਲ, ਖੰਨਾ, ਮੰਡੀ ਗੋਬਿੰਦਗੜ ਅਤੇ ਸ੍ਰੀ ਫਤਹਿਗੜ ਸਾਹਿਬ ਇਲਾਕੇ ਦੇ ਉਦਯੋਗਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦਾ ਹੈ । ਉਨ੍ਹਾਂ  ਕਿਹਾ ਕਿ ਇਸ ਖੇਤਰ ਵਿੱਚ ਵੱਡੇ (ਹੈਵੀ) ਰੱਖਿਆ ਉਪਕਰਨ ਤਿਆਰ ਕਰਨ ਦੀਆਂ ਅਪਾਰ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਦੀਆਂ ਹਨ

ਨਿਊਜ਼ ਪੰਜਾਬ
ਰਾਏਕੋਟ/ਲੁਧਿਆਣਾ, 5 ਜੁਲਾਈ -ਹਲਕਾ ਸ੍ਰੀ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਜਿਲ੍ਹਾ  ਲੁਧਿਆਣਾ ਅਤੇ ਸ੍ਰੀ ਫਤਹਿਗੜ ਸਾਹਿਬ ਵਿੱਚ ਡਿਫੈਂਸ ਇੰਡਸਟ੍ਰੀਅਲ ਕਾਰੀਡੋਰ ਸਥਾਪਤ ਕਰਨ ਦੀ ਮੰਗ ਕੀਤੀ ਹੈ।
ਇਸ ਮੰਗ ਦੀ ਪ੍ਰੋੜਤਾ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਇਸ ਕਾਰੀਡੋਰ ਲਈ ਸਾਹਨੇਵਾਲ, ਖੰਨਾ, ਮੰਡੀ ਗੋਬਿੰਦਗੜ ਅਤੇ ਸ੍ਰੀ ਫਤਹਿਗੜ• ਸਾਹਿਬ ਇਲਾਕੇ ਇਸ ਤਰ੍ਹਾਂ  ਦੀ ਇੰਡਸਟਰੀਜ਼ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦੇ ਹਨ। ਉਨ੍ਹਾਂ  ਕਿਹਾ ਕਿ ਇਸ ਖੇਤਰ ਵਿੱਚ ਵੱਡੇ (ਹੈਵੀ) ਰੱਖਿਆ ਉਪਕਰਨ ਤਿਆਰ ਕਰਨ ਦੀਆਂ ਅਪਾਰ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਦੀਆਂ ਹਨ, ਕਿਉਂਕਿ ਮੰਡੀ ਗੋਬਿੰਦਗੜ ਉੱਤਰੀ ਭਾਰਤ ਦੀ ਲੋਹਾ ਸਨਅਤ ਦੀ ਹੱਬ ਹੈ। ਖੰਨਾ ਨੂੰ ਕੈਟਲ ਫੀਡ ਇੰਡਸਟਰੀ ਲਈ ਪੂਰੇ ਸੂਬੇ ਵਿੱਚ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਸਾਹਨੇਵਾਲ ਇਲਾਕਾ ਲੁਧਿਆਣਾ ਦੀ ਐੱਮ. ਐੱਸ. ਐੱਮ. ਈ. (ਸੂਖਮ, ਲਘੂ ਅਤੇ ਮੱਧਮ ਸਨਅਤਾਂ) ਦਾ ਕੇਂਦਰ ਹੈ। ਉਨ੍ਹਾਂ  ਕਿਹਾ ਕਿ ਜੇਕਰ ਇਸ ਖੇਤਰ ਵਿੱਚ ਅਜਿਹਾ ਕਾਰੀਡੋਰ ਸਥਾਪਤ ਹੁੰਦਾ ਹੈ ਤਾਂ ਇਸ ਨਾਲ ਇਲਾਕੇ ਦਾ ਵਿਕਾਸ ਹੋਣ ਦੇ ਨਾਲ-ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ।
ਇਸ ਪ੍ਰਸਤਾਵ ਦਾ ਸਵਾਗਤ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਨੂੰ ਆਪਣੇ ਮੰਤਰਾਲੇ ਵਿੱਚ ਵਿਚਾਰ ਕੇ ਕੇਂਦਰ ਸਰਕਾਰ ਦੇ ਸਾਹਮਣੇ ਰੱਖਣਗੇ।