ਸਹਿਕਾਰਤਾ ਵਿਭਾਗ ਨੇ ਮਿਸ਼ਨ ਫ਼ਤਿਹ ਦਾ ਝੰਡਾ ਕੀਤਾ ਬੁਲੰਦ — ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੀਤਾ ਕੋਵਿਡ ਪ੍ਰਤੀ ਸਾਵਧਾਨ
ਡੀ ਸੀ ਸ਼ੇਨਾ ਅਗਰਵਾਲ ਵੱਲੋਂ ਜਾਗਰੂਕਤਾ ਗਤੀਵਿਧੀਆਂ ਦੀ ਸ਼ਲਾਘਾ
ਲੋਕਾਂ ਨੂੰ ਜ਼ਿਲ੍ਹੇ ਨੂੰ ਕੋਵਿਡ ਮੁਕਤ ਕਰਨ ’ਚ ਸਹਿਯੋਗ ਦੇਣ ਦੀ ਅਪੀਲ
ਨਿਊਜ਼ ਪੰਜਾਬ
ਨਵਾਂਸ਼ਹਿਰ, 5 ਜੁਲਾਈ- ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ’ਚ ਕੋਵਿਡ ਸਾਵਧਾਨੀਆਂ ਪ੍ਰਤੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ’ਚ ਹਿੱਸਾ ਪਾਉਂਦਿਆਂ ਸਹਿਕਾਰਤਾ ਵਿਭਾਗ ਨੇ ਅੱਜ ਪਿੰਡ-ਪਿੰਡ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਵਾਰ-ਵਾਰ ਹੱਥ ਧੋਣ ਦਾ ਸੁਨੇਹਾ ਦਿੱਤਾ।
ਡੀ ਆਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਜਾਗਰੂਕਤਾ ਰਾਹੀਂ ਕੋਵਿਡ ਸਾਵਧਾਨੀਆਂ ਪ੍ਰਤੀ ਖਬਰਦਾਰ ਕਰਕੇ, ਰਾਜ ਨੂੰ ਕੋਵਿਡ ਮੁਕਤ ਬਣਾਉਣ ਲਈ ਆਰੰਭੇ ਮਿਸ਼ਨ ਫ਼ਤਿਹ ਨੂੰ ਅੱਜ ਸਹਿਕਾਰੀ ਸਭਾਵਾਂ ਦੇ ਸਟਾਫ਼ ਅਤੇ ਪ੍ਰਬੰਧਕੀ ਕਮੇਟੀਆਂ ਨੇ ਆਪ-ਮੁਹਾਰੇ ਮਿਸ਼ਨ ਵਜੋਂ ਲੈ ਕੇ ਘਰ-ਘਰ ਪ੍ਰਚਾਰਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 143 ਸਹਿਕਾਰੀ ਸਭਾਵਾਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਜੁੜ ਕੇ, ਉਨ੍ਹਾਂ ਦੀਆਂ ਖੇਤੀਬਾੜੀ ਅਤੇ ਘਰੇਲੂ ਲੋੜਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਆਪਣੀ ਸਮਾਜਿਕ ਜ਼ਿੰਮੇਂਵਾਰੀ ਤਹਿਤ ਮਿਸ਼ਨ ਫ਼ਤਿਹ ਨੂੰ ਵੀ ਆਮ ਲੋਕਾਂ ਤੱਕ ਲਿਜਾ ਰਹੀਆਂ ਹਨ।
ਏ ਆਰ ਮੁਕੇਸ਼ ਚੌਧਰੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਹਿਕਾਰਤਾ ਵਿਭਾਗ ਵੱਲੋਂ ਕੋਵਿਡ ਲਾਕਡਾਊਨ ਦੌਰਾਨ ਸੀਲ ਕੀਤੇ ਪਿੰਡਾਂ ’ਚ ਜ਼ਰੂਰੀ ਵਸਤਾਂ ਦੀ ਪੂਰਤੀ ਤੋਂ ਇਲਾਵਾ ਆਪਣੀ ਸਭਾਵਾਂ ਰਾਹੀਂ ਲੋਕਾਂ ਨੂੰ ਘਰਾਂ ਤੱਕ ਕਰਿਆਨਾ ਵੀ ਸਪਲਾਈ ਕੀਤਾ ਗਿਆ ਸੀ। ਵਿਭਾਗ ਦਾ ਸਟਾਫ਼ ਅਤੇ ਸਭਾਵਾਂ ਦੀਆਂ ਪ੍ਰਬੰਧਕੀ ਕਮੇਟੀਆਂ ਆਪਣੀ ਉਸੇ ਮਿਸ਼ਨਰੀ ਭਾਵਨਾ ਤਹਿਤ ਮਿਸ਼ਨ ਫ਼ਤਿਹ ਨੂੰ ਵੀ ਜ਼ਮੀਨੀ ਪੱਧਰ ਤੱਕ ਲਿਜਾਣ ’ਚ ਜੁਟੀਆਂ ਹੋਈਆਂ ਹਨ।
ਸਹਿਕਾਰੀ ਖੇਤੀਬਾੜੀ ਸਭਾ ਉੜਾਪੜ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੋ ਕਿ ਖੁਦ ਸਭਾ ਦੇ ਸਟਾਫ਼ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨਾਲ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨ ਕਰਨ ਦੀ ਮੁਹਿੰਮ ’ਚ ਸਹਿਯੋਗ ਦੇ ਰਹੇ ਸਨ, ਨੇ ਦੱਸਿਆ ਕਿ ਲੋਕਾਂ ’ਚ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਹੀ ਇੱਕੋ-ਇੱਕ ਹੱਲ ਹਨ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ’ਚ ਵੱਖ-ਵੱਖ ਵਿਭਾਗਾਂ ਵੱਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਵਿਡ ਪ੍ਰਤੀ ਸੁਚੇਤ ਕਰਨ ਦੀ ਮੁਹਿੰਮ ਦੀ ਸੰਭਾਲੀ ਵਾਗਡੋਰ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੂੰ ਅਸਲ ਸਫ਼ਲਤਾ ਉਸ ਵੇਲੇ ਮਿਲੇਗੀ ਜਦੋਂ ਜ਼ਿਲ੍ਹੇ ’ਚ ਇੱਕ ਵੀ ਪਾਜ਼ਿਟਿਵ ਕੇਸ ਸਾਹਮਣੇ ਨਹੀਂ ਆਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਨ ’ਚ ਭੋਰਾ ਵੀ ਲਾਪ੍ਰਵਾਹੀ ਨਾ ਕਰਨ, ਕਿਉਂ ਜੋ ਇਸ ਮਹਾਂਮਾਰੀ ਦਾ ਇਲਾਜ ਸਾਵਧਾਨੀਆਂ ਹੀ ਹਨ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਜਿਸ ਤਰ੍ਹਾਂ ਪਹਿਲਾਂ ਵੀ ਇਸ ਬਿਮਾਰੀ ਨੂੰ ਰੋਕਣ ’ਚ ਪੰਜਾਬ ’ਚ ਸਭ ਤੋਂ ਪਹਿਲਾ ਜ਼ਿਲ੍ਹਾ ਹੋਣ ਦਾ ਮਾਣ ਹਾਸਲ ਕੀਤਾ ਸੀ, ਹੁਣ ਵੀ ਸਾਨੂੰ ਉਸੇ ਸ਼ਿੱਦਤ ਤੇ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੈ।
ਫ਼ੋਟੋ ਕੈਪਸ਼ਨ: ਮਿਸ਼ਨ ਫ਼ਤਿਹ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਲੋਕ ਜਾਗਰੂਕਤਾ ਮੁਹਿੰਮ ’ਚ ਜੁਟੀਆਂ ਸਹਿਕਾਰੀ ਸਭਾਵਾਂ ਦੀਆਂ ਤਸਵੀਰਾਂ।