ਆਂਗਨਵਾੜੀ ਵਰਕਰਾਂ ਬਣੀਆਂ ਮਿਸ਼ਨ ਫ਼ਤਿਹ ਦੀਆਂ ਵਾਹਕ
ਇਕਾਂਤਵਾਸ ’ਚ ਰੱਖੇ ਲੋਕਾਂ ’ਤੇ ਵੀ ਬਤੌਰ ‘ਸਰਵੇਲੈਂਸ ਅਫ਼ਸਰ’ ਵੀ ਰੱਖ ਰਹੀਆਂ ਨੇ ਨਿਗਰਾਨੀ
ਨਿਊਜ਼ ਪੰਜਾਬ
ਨਵਾਂਸ਼ਹਿਰ, 10 ਜੂਨ- ਜ਼ਿਲ੍ਹੇ ਦੀਆਂ ਆਂਗਨਵਾੜੀ ਵਰਕਰਾਂ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਦੇ ਮੰਤਵ ਨਾਲ ਚਲਾਏ ਮਿਸ਼ਨ ਫ਼ਹਿਤ ਦੀਆਂ ਵਾਹਕ ਬਣ ਕੇ ਚੱਲ ਰਹੀਆਂ ਹਨ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਪਿੰਡਾਂ ’ਚ ਘਰ-ਘਰ ਜਾ ਕੇ ਜਿੱਥੇ ਆਪਣੇ ਵਿਭਾਗ ਨਾਲ ਸਬੰਧਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਮਹਿਲਾਵਾਂ ਅਤੇ ਪਿੰਡ ਦੇ ਲੋਕਾਂ ਨੂੰ ਮੂੰਹ ’ਤੇ ਮਾਸਕ ਲਾਉਣ, ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਮਹੱਤਵ ਸਮਝਾਇਆ ਜਾ ਰਿਹਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਅਨੁਸਾਰ ਆਂਗਨਵਾੜੀ ਵਰਕਰਾਂ ਮਾਰਚ ਦੇ ਅਖੀਰਲੇ ਹਫ਼ਤੇ ਜਦੋਂ ਲਾਕਡਾਊਨ ਆਰੰਭ ਹੋਇਆ ਸੀ, ਉਦੋਂ ਤੋਂ ਹੀ ਬੜੀ ਮੇਹਨਤ ਨਾਲ ਆਪਣੀ ਡਿਊਟੀ ਕਰ ਰਹੀਆਂ ਹਨ। ਬਤੌਰ ‘ਸਰਵੇਲੈਂਸ ਅਫ਼ਸਰ’ ਉਨ੍ਹਾਂ ਵੱਲੋਂ ਕੋਵਿਡ ਦੇ ਜ਼ਿਲ੍ਹੇ ’ਚ ਇਕ ਦਮ ਕੇਸ ਵਧਣ ਮੌਕੇ, ਉਨ੍ਹਾਂ ਦਿਨਾਂ ’ਚ ਵਿਦੇਸ਼ਾਂ ਤੋਂ ਆਏ ਭਾਰਤੀਆਂ ਨੂੰ ਘਰੇਲੂ ਇਕਾਂਤਵਾਸ ’ਚ ਰੱਖਣ ਅਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਸਟਿੱਕਰ ਚਿਪਕਾਉਣ ਦੀ ਵੱਡੀ ਜ਼ਿੰਮੇਂਵਾਰੀ ਨਿਭਾਈ ਗਈ। ਉਸ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੂਸਰੇ ਰਾਜਾਂ ’ਚੋਂ ਆਉਣ ਵਾਲੇ ਵਿਅਕਤੀਆਂ ਦੇ ਸੀ ਡੀ ਪੀ ਓ ਨੂੰ ਰਿਪੋਰਟ ਕਰਨੀ ਲਾਜ਼ਮੀ ਕਰਾਰ ਦੇਣ ਬਾਅਦ, ਉਨ੍ਹਾਂ ਵਿਅਕਤੀਆਂ ਨੂੰ ਪਿੰਡਾਂ ’ਚ ਇਕਾਂਤਵਾਸ ਕਰਨ ਬਾਅਦ ਫ਼ਿਰ ਉਨ੍ਹਾਂ ’ਤੇ ਨਿਗ੍ਹਾ ਰੱਖਣ ਦੀ ਜ਼ਿੰਮੇਂਵਾਰੀ ਨਿਭਾਅ ਰਹੀਆਂ ਹਨ।
ਉਹ ਦੱਸਦੇ ਹਨ ਕਿ ਜ਼ਿਲ੍ਹੇ ’ਚ 792 ਆਂਗਨਵਾੜੀ ਕੇਂਦਰ ਹਨ, ਜਿਨ੍ਹਾਂ ’ਚ ਇੱਕ-ਇੱਕ ਆਂਗਨਵਾੜੀ ਵਰਕਰ ਅਤੇ ਹੈਲਪਰ ਤਾਇਨਾਤ ਹੁੰਦੀ ਹੈ। ਕੋਵਿਡ ਦੌਰਾਨ ਆਂਗਨਵਾੜੀ ਵਰਕਰਾਂ ਵੱਲੋਂ ਨਿਭਾਈ ਸਫ਼ਲ ਡਿਊਟੀ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹੁਣ ਇਕਾਂਤਵਾਸ ’ਚ ਰੱਖੇ ਲੋਕਾਂ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਪਿੰਡਾਂ ’ਚ ਮਹਿਲਾਵਾਂ ਅਤੇ ਲੋਕਾਂ ਨੂੰ ਕੋਵਿਡ ਤੋਂ ਖ਼ਬਰਦਾਰ ਕਰਨ ਦੀ ਜ਼ਿੰਮੇਂਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਿੰਮੇਂਵਾਰੀ ਤਹਿਤ ਲੋਕਾਂ ਨੂੰ ਸਰਕਾਰ ਦੀਆਂ ਕੋਵਿਡ ਤੋਂ ਬਚਣ ਦੀਆਂ ਤਿੰਨ ਮੁੱਖ ਹਦਾਇਤਾਂ ਜਿਵੇਂ ਕਿ ਮੂੰਹ ’ਤੇ ਮਾਸਕ, ਹੱਥ ਸਾਬਣ ਨਾਲ ਵਾਰ-ਵਾਰ ਧੋਣੇ, ਇੱਕ-ਦੂਸਰੇ ਤੋਂ ਘੱਟੋ-ਘੱਟ 6 ਗਜ਼ ਦੀ ਦੂਰੀ ਰੱਖਣੀ ਆਦਿ ਬਾਰੇ ਸਮਝਾ ਰਹੀਆਂ ਹਨ। ਇਸ ਦੇ ਨਾਲ ਹੀ 10 ਸਾਲ ਤੋਂ ਘੱਟ ਦੇ ਬੱਚਿਆਂ ਅਤੇ 65 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਬਾਰੇ ਲੋਕਾਂ ਨੂੰ ਪ੍ਰੇਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਡਿੳੂਟੀਆਂ ਦੇ ਨਾਲ-ਨਾਲ ਉਹ ਆਪਣੀ ਮੁਢਲੀ ਡਿਊਟੀ ਗਰਭਵਤੀ ਮਹਿਲਾਵਾਂ ਦਾ ਰਿਕਾਰਡ ਤਿਆਰ ਕਰਨ, ਪ੍ਰਸੂਤਾ ਬਾਅਦ ਉਨ੍ਹਾਂ ਦੇ ਬੱਚੇ ਦੇ ਟੀਕਾਕਰਣ ਆਦਿ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਅ ਰਹੀਆਂ ਹਨ। ਉਨ੍ਹਾਂ ਵੱਲੋਂ ਬਤੌਰ ਸਰਵੇਲੈਂਸ ਅਫ਼ਸਰ ਆਪਣੀ ਰੋਜ਼ਾਨਾ ਰਿਪੋਰਟ ਆਪਣੇ ਸੈਕਟਰ ਅਫ਼ਸਰ (ਸੁਪਰਵਾਈਜ਼ਰਾਂ) ਨੂੰ ਭੇਜੀ ਜਾਂਦੀ ਹੈ, ਜਿੱਥੋਂ ਅੱਗੇ ਇਹ ਰਿਪੋਰਟ ਸੀ ਡੀ ਪੀ ਓ ਰਾਹੀਂ ਐਸ ਡੀ ਐਮਜ਼ ਤੇ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਆਂਗਨਵਾੜੀ ਵਰਕਰਾਂ ਵੱਲੋਂ ਜ਼ਿਲ੍ਹੇ ’ਚ ਕੋਵਿਡ ਦੇ ਦਸਤਕ ਦੇਣ ਸਮੇਂ ਤੋਂ ਹੀ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਂਗਨਾਵਾਵੀ ਵਰਕਰ ਅਤੇ ਆਸ਼ਾ ਵਰਕਰ ਪ੍ਰਸ਼ਾਸਨ ਦੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਸਿਪਾਹੀ ਹਨ, ਜਿਨ੍ਹਾਂ ਦੇ ਯੋਗਦਾਨ ਬਿਨਾਂ ਕੋਵਿਡ ’ਤੇ ਕਾਬੂ ਪਾਉਣ ਦੀ ਕਹਾਣੀ ਨਹੀਂ ਲਿਖੀ ਜਾ ਸਕਦੀ।