ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਗਿਆ: ਸੋਨੀ

ਨਿਊਜ਼ ਪੰਜਾਬ
ਚੰਡੀਗੜ, 4 ਜੂਨ :  ਪੰਜਾਬ ਸਰਕਾਰ ਨੇ ਸੂਬੇ ਦੇ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ।
ਸ਼੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ 2010 ਅਤੇ 2015 ਵਿਚ ਮੈਡੀਕਲ ਕਾਲਜ ਦੀਆਂ ਫੀਸਾਂ ਵਿਚ ਸੋਧ ਕੀਤੀ ਸੀ ਜੋ ਕਿ ਹੁਣ ਕੀਤੇ ਵਾਧੇ ਤੋਂ ਬਹੁਤ ਜ਼ਿਆਦਾ ਸੀ। ਫੀਸ ਵਾਧੇ ਸਬੰਧੀ ਵਿਰੋਧੀ ਧਿਰਾਂ ਵਲੋਂ ਸਿਰਫ ਰਾਜਨੀਤਕ ਲਾਹਾ ਲੈਣ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ  ਨੇ ਆਪਣੇ ਕਾਰਜਕਾਲ ਦੌਰਾਨ 2010 ਵਿਚ ਫੀਸਾਂ ਵਿਚ 98 ਫੀਸਦੀ ਵਾਧਾ ਕੀਤਾ ਸੀ ਅਤੇ 2015 ਵਿਚ 225 ਫੀਸਦੀ ਵਾਧਾ ਕੀਤਾ ਸੀ ਜਦਕਿ ਮੋਜੂਦਾ ਸਰਕਾਰ ਨੇ ਸਿਰਫ 77 ਫੀਸਦੀ ਵਾਧਾ ਕੀਤਾ ਹੈ।
ਉਨਾਂ ਕਿਹਾ ਕਿ ਫ਼ੀਸ ਵਿਚ ਕੀਤਾ ਗਿਆ ਵਾਧਾ ਅਤਿ ਲੋੜੀਂਦਾ ਸੀ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਡਾਕਟਰ ਕੇ.ਕੇ. ਤਲਵਾਰ ਦੀ ਅਗਵਾਈ ਵਾਲੀ ਡਾਕਟਰੀ ਸਿੱਖਿਆ ਸਬੰਧੀ ਗਠਿਤ ਸਲਾਹਕਾਰ ਕਮੇਟੀ ਵਲੋਂ ਪੂਰੀ ਘੋਖ ਤੋਂ ਬਾਅਦ ਇਹ ਫ਼ੀਸ ਵਾਧੇ ਸਬੰਧੀ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਸੀ ਇਸ ਤੋਂ ਇਲਾਵਾ ਸਰਕਾਰ ਦੇ ਵੀ ਧਿਆਨ ਵਿੱਚ ਆਇਆ ਸੀ ਕਿ ਵਧੀ ਹੋਈ ਮਹਿੰਗਾਈ ਕਾਰਨ ਸਰਕਾਰੀ ਮੈਡੀਕਲ ਕਾਲਜ ਤੇ ਵਿੱਤੀ ਬੋਝ ਦਿਨੋ-ਦਿਨ ਵੱਧ ਰਿਹਾ ਸੀ। ਉਨਾਂ ਕਿਹਾ  ਇਕ ਡਾਕਟਰ ਬਣਾਉਣ ‘ਤੇ ਸੂਬਾ ਸਰਕਾਰ ਦਾ ਘੱਟੋ-ਘੱਟ 13-14 ਲੱਖ ਰੁਪਏ  ਸਲਾਨਾ ਖਰਚ ਹੋ ਜਾਂਦਾ ਹੈ। ਉਨਾਂ ਕਿਹਾ ਕਿ ਨਿੱਜੀ ਕਾਲਜਾਂ ਵਿੱਚ ਐਮ.ਬੀ.ਬੀ.ਐਸ.ਦੇ ਪੂਰੇ ਕੋਰਸ ਦੀ ਫੀਸ ਸਰਕਾਰੀ ਮੈਡੀਕਲ ਕਾਲਜ ਦੇ ਮੁਕਾਬਲੇ ਕੀ ਗੁਣਾਂ ਜ਼ਿਆਦਾ ਹੈ ਅਤੇ ਸਰਕਾਰ ਨੇ ਇਨਾਂ ਪ੍ਰਾਈਵੇਟ ਮੈਡੀਕਲ ਕਾਲਜ ਦੀਆਂ ਫੀਸਾਂ ਵਿਚ ਇਕਸਾਰਤਾ ਲਿਆਉਣ ਲਈ ਕਈ ਉਪਰਾਲੇ ਕੀਤੇ ਹਨ।
ਸ੍ਰੀ ਸੋਨੀ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਵਿੱਚ ਵਧੀਆ ਫੀਸਾਂ ਦੇ ਕੇ ਵਿਦਿਆਰਥੀ 1.50 ਲੱਖ ਰੁਪਏ  ਸਲਾਨਾ ਫੀਸ ਦੇ ਕੇ ਕੁਲ 7.80  ਲੱਖ ਰੁਪਏ ਵਿਚ ਸਾਢੇ ਚਾਰ ਸਾਲ ਦਾ ਕੋਰਸ ਮੁਕੰਮਲ ਕਰ ਲੈਣਗੇ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿੱਜੀ ਮੈਡੀਕਲ ਕਾਲਜਾਂ ਵਿਚ ਪੜਨ ਵਾਲੇ ਵਿਦਿਆਰਥੀਆਂ ਤੋਂ ਪਹਿਲਾਂ ਐਮ.ਬੀ.ਬੀ.ਐਸ.ਦੇ ਪੂਰੇ ਕੋਰਸ ਦੀ ਫੀਸ ਪੰਜ ਸਾਲ ਦੀ ਲੀ ਜਾਂਦੀ ਸੀ ਜਿਸ ਨੂੰ ਸਾਡੀ ਸਰਕਾਰ ਨੇ ਠੀਕ ਕਰਦੇ ਹੋਏ ਮੈਡੀਕਲ ਕਾਲਜ ਨੂੰ ਪਾਬੰਦ ਕੀਤਾ ਕਿ ਉਹ ਸਿਰਫ ਸਾਢੇ ਚਾਰ ਸਾਲ ਦੀ ਹੀ ਫੀਸ ਲੈਣ।
ਡਾਕਟਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਨੂੰ ਯਕੀਨੀ ਬਣਾਉਣ ਲਈ ਐਸ.ਸੀ. ਸਕਾਲਰਸ਼ਿਪ ਸਕੀਮ ਚਲਾਈ ਜਾ ਰਹੀ ਹੈ ਜਿਸ ਨਾਲ ਗਰੀਬ ਵਿਦਿਆਰਥੀ ਭਵਿੱਖ ਵਿੱਚ ਡਾਕਟਰ ਬਣਨ ਦਾ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਨ।
ਉਨਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਵਿਚ ਤਿੰਨ ਸਰਕਾਰੀ ਮੈਡੀਕਲ ਕਾਲਜ ਚੱਲ ਰਹੇ ਹਨ ਅਤੇ 2 ਸਾਲਾਂ ਵਿਚ ਤਿੰਨ ਹੋਰ ਨਵੇਂ ਮੈਡੀਕਲ ਕਾਲਜ ਮੁਹਾਲੀ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਸ਼ੁਰੂ ਹੋ ਜਾਣਗੇ।
ਉਨਾਂ ਕਿਹਾ ਕਿ ਵਧੀਆ ਫੀਸਾਂ ਨਵੇਂ ਸੈਸ਼ਨ ਤੋਂ ਲਾਗੂ ਹੋਣਗੀਆਂ ਅਤੇ ਪਹਿਲਾਂ ਤੋਂ ਡਾਕਟਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ‘ਤੇ ਇਸ ਫ਼ੀਸ ਵਾਧੇ ਦਾ ਕੋਈ ਅਸਰ ਨਹੀਂ ਹੋਵੇਗਾ।