ਲੁਧਿਆਣਾ ਤੋਂ 200ਵੀਂ ਰੇਲ ਪ੍ਰਵਾਸੀ ਲੋਕਾਂ ਨੂੰ ਲੈ ਕੇ ਰਵਾਨਾ

-ਹੁਣ ਤੱਕ 3.20 ਲੱਖ ਤੋਂ ਵਧੇਰੇ ਪ੍ਰਵਾਸੀਆਂ ਨੂੰ ਭੇਜਿਆ ਜਾ ਚੁੱਕੈ ਉਨ੍ਹਾਂ ਦੇ ਸੂਬਿਆਂ ਨੂੰ-ਡਿਪਟੀ ਕਮਿਸ਼ਨਰ
ਲੁਧਿਆਣਾ, 30 ਮਈ (ਨਿਊਜ਼ ਪੰਜਾਬ )-ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਛੱਡਣ ਲਈ ਜ਼ਿਲ੍ਹਾ ਲੁਧਿਆਣਾ ਤੋਂ 200ਵੀਂ ਰੇਲ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਇਨ੍ਹਾਂ ਰੇਲਾਂ ਰਾਹੀਂ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਤੋਂ 3.20 ਲੱਖ ਤੋਂ ਵਧੇਰੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ ਲਈ ਭੇਜਿਆ ਜਾ ਚੁੱਕਾ ਹੈ। ਪ੍ਰਵਾਸੀਆਂ ਨੂੰ ਲਿਜਾਣ ਲਈ ਪਹਿਲੀ ਰੇਲ 5 ਮਈ, 2020 ਨੂੰ ਲੁਧਿਆਣਾ ਤੋਂ ਰਵਾਨਾ ਹੋਈ ਸੀ। ਅੱਜ ਦੇਰ ਰਾਤ ਮਧੇਪੁਰ ਲਈ 200ਵੀਂ ਰੇਲ ਰਵਾਨਾ ਹੋਈ, ਜਿਸ ਨੂੰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਐੱਸ. ਡੀ. ਐੱਮ. ਸ੍ਰੀ ਸਾਗਰ ਸੇਤੀਆ, ਐੱਸ. ਡੀ. ਐੱਮ. ਸ੍ਰ. ਅਮਰਜੀਤ ਸਿੰਘ ਬੈਂਸ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ ਹਰੇਕ ਰੇਲ ਵਿੱਚ 1600 ਯਾਤਰੀ ਭੇਜੇ ਜਾ ਰਹੇ ਹਨ। ਲੁਧਿਆਣਾ ਤੋਂ ਹੁਣ ਤੱਕ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਨੀਪੁਰ, ਝਾਰਖੰਡ ਅਤੇ ਹੋਰ ਸੂਬਿਆਂ ਲਈ 203 ਰੇਲਾਂ ਰਵਾਨਾ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 3.20 ਲੱਖ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪ੍ਰਵਾਸੀਆਂ ਨੇ ਆਪਣੇ ਰਾਜ ਜਾਣ ਲਈ ਅਪਲਾਈ ਕੀਤਾ ਸੀ, ਉਨ੍ਹਾਂ ਨੂੰ ਕਾਲ ਕਰਕੇ ਜਾਂ ਮੈਸੇਜ਼ ਭੇਜ ਉਨ੍ਹਾਂ ਦੇ ਗ੍ਰਹਿ ਰਾਜਾਂ ਨੂੰ ਜਾਣ ਦਾ ਇੱਕ ਵਾਰ ਮੌਕਾ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਾਣ ਦੇ ਇਛੁੱਕ ਲੋਕਾਂ ਨੂੰ ਇੱਕ ਦਿਨ ਮੈਨੂਅਲ ਰਜਿਸਟ੍ਰੇਸ਼ਨ ਦਾ ਵੀ ਮੌਕਾ ਦਿੱਤਾ ਗਿਆ ਸੀ। ਹੁਣ ਵੀ ਜੋ ਲੋਕ ਜਾਣ ਲਈ ਜ਼ਿਲ੍ਹਾ ਪ੍ਰਸਾਸ਼ਨ ਕੋਲ ਪਹੁੰਚ ਕਰਨਗੇ, ਉਨ੍ਹਾਂ ਨੂੰ ਵੀ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਢੁੱਕਵਾਂ ਪ੍ਰਬੰਧ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਤੋਂ 8 ਲੱਖ ਤੋਂ ਵਧੇਰੇ ਪ੍ਰਵਾਸੀ ਲੋਕਾਂ ਵੱਲੋਂ ਆਪਣੇ ਸੂਬੇ ਨੂੰ ਜਾਣ ਲਈ ਆਨਲਾਈਨ ਅਪਲਾਈ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਜਿਆਦਾਤਰ ਲੋਕ ਲੁਧਿਆਣਾ ਤੋਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਸ਼ਹਿਰ ਵਿੱਚ ਸਨਅਤਾਂ ਮੁੜ ਤੋਂ ਚੱਲ ਪਈਆਂ ਹਨ ਅਤੇ ਲੋਕਾਂ ਨੂੰ ਮੁੜ ਰੋਜ਼ਗਾਰ ਨਾਲ ਜੁੜਨ ਦਾ ਮੌਕਾ ਮਿਲ ਗਿਆ ਹੈ।