ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜ਼ਰਾਂ ਦੀਆਂ 94 ਅਸਾਮੀਆਂ ਦੇ ਨਤੀਜੇ ਦਾ ਕੀਤਾ ਐਲਾਨ

ਜੇਲ੍ਹ ਵਿਭਾਗ ਵਿੱਚ ਵੀਡੀਓ ਕਾਨਫਰੰਸ ਸੰਚਾਲਕਾਂ ਦੀਆਂ 06 ਅਸਾਮੀਆਂ ਦੇ ਨਤੀਜੇ ਵੀ ਐਲਾਨੇ
ਵੱਖ-ਵੱਖ ਵਿਭਾਗਾਂ ਵਿੱਚ ਜੂਨੀਅਰ ਡਰਾਫਟਸਮੈਨ ਦੀਆਂ 440 ਅਤੇ ਸਹਾਇਕ ਜੇਲ ਸੁਪਰਡੈਂਟ ਦੀਆਂ 35 ਅਸਾਮੀਆਂ ਭਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ- ਰਮਨ ਬਹਿਲ
ਨਿਊਜ਼ ਪੰਜਾਬ
ਚੰਡੀਗੜ੍ਹ/ਐਸ.ਏ.ਐੱਸ. ਨਗਰ, 28 ਮਈ: – ਤਾਲਾਬੰਦੀ ਕਾਰਨ ਅਤੇ ਵੱਖ-ਵੱਖ ਅਦਾਰਿਆਂ ਦੇ ਬਾਕਾਇਦਾ ਕੰਮਕਾਜ ਵਿਚ ਆਈ ਆਮ ਗਿਰਾਵਟ ਦੇ ਬਾਵਜੂਦ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ ਐਸ ਐਸ ਐਸ ਬੀ), ਪੰਜਾਬ ਸਰਕਾਰ ਦੇ ਵਿਭਾਗਾਂ ਵਿਚ ਵੱਖ-ਵੱਖ ਅਹੁਦਿਆਂ ‘ਤੇ ਨਤੀਜੇ ਘੋਸ਼ਿਤ ਕਰਕੇ ਬਹੁਤ ਸਾਰੇ ਪਰਿਵਾਰਾਂ ਨੂੰ ਉਮੀਦ ਅਤੇ ਖੁਸ਼ੀ ਦੇ ਰਿਹਾ ਹੈ।
ਸ੍ਰੀ ਰਮਨ ਬਹਿਲ ਦੀ ਪ੍ਰਧਾਨਗੀ ਹੇਠ 28 ਮਈ ਨੂੰ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ, ਪੀ.ਐਸ.ਐਸ.ਐਸ.ਬੀ. ਦੇ ਮੈਂਬਰਾਂ ਨੇ ਸੂਬੇ ਦੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜ਼ਰਾਂ ਦੀਆਂ 94 ਅਸਾਮੀਆਂ ਦਾ ਨਤੀਜਾ ਘੋਸ਼ਿਤ ਕੀਤਾ। ਸ੍ਰੀ ਬਹਿਲ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੇ ਨਾਂ ਸਬੰਧੀ ਸਿਫਾਰਸ਼ਾਂ ਸਬੰਧਤ ਵਿਭਾਗ ਨੂੰ ਭੇਜੀਆਂ ਜਾ ਰਹੀਆਂ ਹਨ।
ਮੀਟਿੰਗ ਵਿੱਚ ਜੇਲ੍ਹ ਵਿਭਾਗ ਵਿੱਚ ਵੀਡੀਓ ਕਾਨਫਰੰਸ ਸੰਚਾਲਕਾਂ ਦੀਆਂ 06 ਅਸਾਮੀਆਂ ਦਾ ਨਤੀਜਾ ਵੀ ਘੋਸ਼ਿਤ ਕੀਤਾ ਗਿਆ ਅਤੇ ਸਬੰਧਤ ਵਿਭਾਗ ਨੂੰ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਤੋਂ ਲੋੜੀਂਦੇ ਦਸਤਾਵੇਜ਼ ਹਾਸਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਮਹੀਨੇ ਦੇ ਸ਼ੁਰੂ ਵਿੱਚ, ਬੋਰਡ ਨੇ ਫੂਡ ਸੇਫਟੀ ਅਫਸਰਾਂ ਦੀਆਂ 25 ਅਸਾਮੀਆਂ ਲਈ ਨਤੀਜਾ ਘੋਸ਼ਿਤ ਕੀਤਾ ਸੀ।
ਸ੍ਰੀ ਬਹਿਲ ਨੇ ਕਿਹਾ, “ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਪ੍ਰਤੀ ਅਡੋਲ ਖੜ੍ਹਾ ਹੋ ਕੇ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਜਲਦ, ਨਿਰਪੱਖ ਅਤੇ ਯੋਗਤਾ ਅਧਾਰਤ ਪ੍ਰਕਿਰਿਆ ਰਾਹੀਂ ਲੋੜੀਂਦੀਆਂ ਅਸਾਮੀਆਂ ‘ਤੇ ਭਰਤੀ ਕਰਵਾ ਕੇ ਇਸ ਪਹਿਲਕਦਮ ਦਾ ਸਮਰਥਨ ਜਾਰੀ ਰੱਖੇਗਾ। ਉਹਨਾਂ ਅੱਗੇ ਦੱਸਿਆ ਕਿ ਬੋਰਡ ਦੇ ਮੈਂਬਰਾਂ ਨੇ ਵੱਖ-ਵੱਖ ਵਿਭਾਗਾਂ ਵਿੱਚ ਜੂਨੀਅਰ ਡਰਾਫਟਸਮੈਨ ਦੀਆਂ 440 ਅਤੇ ਸਹਾਇਕ ਜੇਲ੍ਹ ਸੁਪਰਡੈਂਟ ਦੀਆਂ 35 ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਉਮੀਦਵਾਰਾਂ ਤੋਂ ਅਰਜ਼ੀਆਂ ਮੰਗਣ ਲਈ ਇੱਕ ਇਸ਼ਤਿਹਾਰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਲੋੜੀਂਦੀ ਲਿਖਤ ਪ੍ਰੀਖਿਆ ਕਰਵਾਉਣ ਤੋਂ ਬਾਅਦ ਯੋਗ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਅਧਾਰ ‘ਤੇ ਕੀਤੀ ਜਾਵੇਗੀ।
ਮੀਟਿੰਗ ਵਿਚ ਬੋਰਡ ਦੇ ਮੈਂਬਰ ਜਸਪਾਲ ਸਿੰਘ ਢਿੱਲੋਂ, ਕੁਲਦੀਪ ਸਿੰਘ ਕਾਹਲੋਂ, ਰਜਨੀਸ਼ ਸਹੋਤਾ, ਸਮਸ਼ਦ ਅਲੀ, ਡੋਮਿਲਾ ਬਾਂਸਲ, ਭੁਪਿੰਦਰ ਪਾਲ ਸਿੰਘ, ਰਵਿੰਦਰਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਹਰਪ੍ਰਤਾਪ ਸਿੰਘ ਸਿੱਧੂ ਅਤੇ ਅਲਟਾ ਆਹਲੂਵਾਲੀਆ ਸ਼ਾਮਲਸਨ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮਾਜਕ ਦੂਰੀਆਂ ਦੀ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਗਈ।