ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਦੇ ਲੋਕ ਹੋਏ ਇਕਜੁੱਟ : ਡਾ. ਬਲਬੀਰ ਸਿੰਘ
ਨਿਊਜ਼ ਪੰਜਾਬ
ਪਟਿਆਲਾ, 22 ਮਈ 2025
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਲਏ ਅਹਿਦ ਤਹਿਤ ਸੂਬੇ ਭਰ ‘ਚ ਚੱਲ ਰਹੀ ਨਸ਼ਾ ਮੁਕਤੀ ਯਾਤਰਾ ਦੀ ਪਟਿਆਲਾ ਦਿਹਾਤੀ ਹਲਕੇ ‘ਚ ਅਗਵਾਈ ਕਰ ਰਹੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਦੇ ਲੋਕ ਇਕਜੁੱਟ ਹੋ ਗਏ ਹਨ ਤੇ ਹੁਣ ਓਹ ਦਿਨ ਦੂਰ ਨਹੀਂ ਜਦ ਪੰਜਾਬ ਪੂਰਨ ਤੌਰ ‘ਤੇ ਨਸ਼ਾ ਮੁਕਤ ਹੋ ਜਾਵੇਗਾ।
ਪਟਿਆਲਾ ਦੇ ਪਿੰਡ ਕਾਲਵਾ, ਹਰਦਾਸਪੁਰ ਤੇ ਬਾਰਨ ਦੇ ਵਸਨੀਕਾਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਹੋਣ ਦੀ ਸਹੁੰ ਖੁਆਉਂਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਲੜਾਈ ਪੰਜਾਬੀਆਂ ਦੇ ਵਜੂਦ ਦੀ ਲੜਾਈ ਹੈ ਇਸ ਲਈ ਹਰੇਕ ਪੰਜਾਬੀ ਇਸ ਲੜਾਈ ਵਿੱਚ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲੇ ‘ਤੇ ਨਿਗਾਹ ਰੱਖਣਗੀਆਂ ਅਤੇ ਇਸ ਦੀ ਸੂਚਨਾ ਇਲਾਕੇ ਦੇ ਐਸ.ਡੀ.ਐਮ. ਅਤੇ ਐਸ.ਐਚ.ਓ. ਤੱਕ ਪਹੁੰਚਾਉਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਇਲਾਜ ਦੇ ਪੁਖਤਾ ਪ੍ਰਬੰਧ ਕਰਨ ਸਮੇਤ ਉਨ੍ਹਾਂ ਨੂੰ ਠੀਕ ਹੋਣ ਤੋਂ ਬਾਅਦ ਸਮਾਜ ਦੀ ਮੁਖ ਧਾਰਾ ‘ਚ ਸ਼ਾਮਲ ਕਰਨ ਦੇ ਉਦੇਸ਼ ਨਾਲ ਕਿੱਤਾ ਮੁਖੀ ਕੋਰਸ ਕਰਵਾਉਣ ਦੇ ਪ੍ਰਬੰਧ ਵੀ ਕੀਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਹਿਲਾ ਲੋਕ ਨਸ਼ਾ ਤਸਕਰਾਂ ਤੋਂ ਡਰਦੇ ਸਨ, ਪਰ ਹੁਣ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਕੀਤੀ ਗਈ ਸਖਤ ਕਾਰਵਾਈ ਤੋਂ ਬਾਅਦ ਹੁਣ ਨਸ਼ਾ ਤਸਕਰ ਲੋਕਾਂ ਤੋਂ ਡਰਕੇ ਭੱਜਣ ਲੱਗੇ ਹਨ ਤੇ ਕਈ ਨਸ਼ਾ ਤਸਕਰ ਆਪਣੇ ਘਰਾਂ ਨੂੰ ਜਿੰਦਰੇ ਲਗਾ ਕੇ ਸੂਬਾ ਤੱਕ ਛੱਡਕੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੀ ਕਮਾਈ ਨਾਲ ਕੋਈ ਜਾਇਦਾਦ ਬਣਾਈ ਹੈ ਪੰਜਾਬ ਸਰਕਾਰ ਉਸ ‘ਤੇ ਵੀ ਕਾਰਵਾਈ ਕਰੇਗੀ।
ਸਿਹਤ ਮੰਤਰੀ ਨੇ ਲੋਕਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਚਕਾਰ ਮਜ਼ਬੂਤ ਸਹਿਯੋਗ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਸਬੰਧੀ ਕੋਈ ਵੀ ਵਿਅਕਤੀ ਵਟਸਐਪ ਹੈਲਪਲਾਈਨ 97791-00200 ਰਾਹੀਂ ਗੁਪਤ ਰੂਪ ਵਿੱਚ ਜਾਣਕਾਰੀ ਸਾਂਝੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਲੋਕਾਂ ਵੱਲੋਂ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਪਟਿਆਲਾ ਦਿਹਾਤੀ ਕੁਆਰਡੀਨੇਟਰ ਹਰਪਾਲ ਸਿੰਘ ਵਿਰਕ, ਡੀ.ਐਸ.ਪੀ ਮਨੋਜ ਗੋਰਸੀ, ਬੀਡੀਪੀਓ ਬਲਜੀਤ ਸਿੰਘ ਸੋਹੀ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।