ਪੰਜਾਬ ਦੇ ਗਿਆਨ ਸਾਗਰ ਮੈਡੀਕਲ ਕਾਲਜ ਤੇ ਹਸਪਤਾਲ ‘ਤੇ ਈਡੀ ਦਾ ਛਾਪਾ
ਨਿਊਜ਼ ਪੰਜਾਬ
15 ਅਪ੍ਰੈਲ 2025
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ‘ਤੇ ਸਥਿਤ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ‘ਤੇ ਈ. ਡੀ. ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਟੀਮ ਸਵੇਰੇ ਸਾਢੇ 9 ਵਜੇ ਦੇ ਕਰੀਬ ਹਸਪਤਾਲ ਵਿਚ ਹਰਿਆਣਾ ਨੰਬਰ ਦੀਆਂ ਦੋ ਗੱਡੀਆਂ ਵਿਚ ਸਵਾਰ ਹੋ ਕੇ ਪਹੁੰਚੀ। ਟੀਮ ਨੇ ਹਸਪਤਾਲ ਦਾ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਕੇ ਜਾਚ ਸ਼ੁਰੂ ਕਰ ਦਿੱਤੀ ਅਤੇ ਇਸ ਰੇਡ ਬਾਰੇ ਪ੍ਰਬੰਧਕਾਂ ਨੂੰ ਪਤਾ ਲੱਗਣ ‘ਤੇ ਉਹ ਹਸਪਤਾਲ ਵਿਚੋਂ ਰਫੂਚੱਕਰ ਹੋ ਗਏ।
ਜਾਣਕਾਰੀ ਅਨੁਸਾਰ ਇਸ ਟੀਮ ਵਿਚ 8 ਤੋਂ 10 ਮੈਂਬਰ ਸ਼ਾਮਲ ਹਨ, ਜੋ ਕਿ ਰਿਕਾਰਡ ਦੀ ਜਾਂਚ ਕਰ ਰਹੇ ਸਨ। ਹਸਪਤਾਲ ਵਿੱਚ ਮੀਡੀਆ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਹਰੇਕ ਵਿਅਕਤੀ ਨੂੰ ਪੁੱਛ ਗਿੱਛ ਕਰਨ ਉਪਰੰਤ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਗਿਆਨ ਸਾਗਰ ਹਸਪਤਾਲ ਪਹਿਲਾਂ ਵੀ ਵਿਵਾਦਾਂ ਵਿੱਚ ਘਿਰੀਆ ਰਿਹਾ ਹੈ, ਜਿਸ ਤੋਂ ਬਾਅਦ ਹਸਪਤਾਲ ਅਤੇ ਇਸ ਦੇ ਮੈਡੀਕਲ ਕਾਲਜ ਬੰਦ ਹੋ ਗਏ ਸਨ। ਉਸ ਸਮੇਂ ਇਸ ਹਸਪਤਾਲ ਵਿੱਚ ਪੜਦੇ ਮੈਡੀਕਲ ਵਿਦਿਆਰਥੀਆਂ ਨੂੰ ਦੂਜੇ ਕਾਲਜਾਂ ਵਿੱਚ ਸਿਫਟ ਕੀਤਾ ਗਿਆ ਸੀ। ਹੁਣ ਦੁਬਾਰਾ ਇਹ ਹਸਪਤਾਲ ਤੇ ਮੈਡੀਕਲ ਕਾਲਜ ਚਾਲੂ ਹੋ ਗਿਆ ਹੈ। ਹੁਣ ਮੁੜ ਇਸ ਹਸਪਤਾਲ ਵਿੱਚ ਈਡੀ ਦੀ ਟੀਮ ਵੱਲੋਂ ਕੀਤੀ ਛਾਪੇਮਾਰੀ ਨਾਲ ਹਸਪਤਾਲ ਮੁੜ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ।