ਪੰਜਾਬ

ਮੈਰੀਟੋਰੀਅਸ ਸਕੂਲ ਸਥਿਤ ਆਈਸੋਲੇਸ਼ਨ ਸੈਂਟਰ ਵਿੱਚ ਲੈਬਾਰਟਰੀ ਸ਼ੁਰੂ

-62 ਨਮੂਨੇ ਲਏ, ਜਲਦ ਮਿਲ ਰਹੇ ਨੇ ਨਤੀਜੇ-ਡਾਕਟਰ
-500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਫਾਰਮੇਸੀ, ਰਜਿਸਟਰੇਸ਼ਨ ਕਾਊਂਟਰ, ਲਾਊਂਡਰੀ ਸੇਵਾ, ਮੈੱਸ ਅਤੇ ਹੋਰ ਸਹੂਲਤਾਂ ਸਥਾਪਤ
ਲੁਧਿਆਣਾ, 12 ਮਈ (ਨਿਊਜ਼ ਪੰਜਾਬ )-ਜ਼ਿਲ•ਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਿਹਨਤ ਦੇ ਸਿਰ ‘ਤੇ ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿਖੇ ਚੱਲ ਰਹੇ ਆਈਸੋਲੇਸ਼ਨ ਸੈਂਟਰ ਵਿੱਚ ਸਹੂਲਤਾਂ ਨੂੰ ਲਗਾਤਾਰ ਵਿਕਸਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਇਸ ਸੈਂਟਰ ਵਿੱਚ ਹੁਣ ਕੋਵਿਡ 19 ਦਾ ਸੈਂਪਲ ਲੈਣ ਦੀ ਸਹੂਲਤ ਵੀ ਸ਼ੁਰੂ ਹੋ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਲੈਬਾਰਟਰੀ ਦੇ ਚਾਲੂ ਹੋਣ ਨਾਲ ਹੁਣ ਕੋਵਿਡ ਨਾਲ ਸੰਬੰਧਤ ਤਕਰੀਬਨ ਸਾਰੇ ਟੈਸਟ ਇਥੇ ਹੀ ਹੋਣ ਲੱਗੇ ਹਨ, ਜਿਸ ਦੀ ਇਥੇ ਰੁਕੇ ਸ਼ੱਕੀ ਮਰੀਜ਼ਾਂ ਅਤੇ ਸਿਹਤ ਵਿਭਾਗ ਨੂੰ ਬਹੁਤ ਸਹੂਲਤ ਮਿਲੀ ਹੈ। ਉਨ•ਾਂ ਦੱਸਿਆ ਕਿ ਇਹ ਲੈਬਾਰਟਰੀ ਸ਼ੁਰੂ ਹੋਣ ਤੋਂ ਹੁਣ ਤੱਕ 62 ਸੈਂਪਲ ਲਏ ਜਾ ਚੁੱਕੇ ਹਨ, ਜਿਨ•ਾਂ ਦੇ ਨਤੀਜੇ ਵੀ ਬਹੁਤ ਜਲਦ ਮਿਲਣ ਲੱਗੇ ਹਨ, ਜਿਸ ਦੇ ਨਤੀਜੇ ਵਜੋਂ ਸ਼ੱਕੀ ਮਰੀਜ਼ਾਂ ਨੂੰ ਹੁਣ ਇਸ ਆਈਸੋਲੇਸ਼ਨ ਸੈਂਟਰ ਵਿੱਚ ਜਿਆਦਾ ਸਮਾਂ ਨਹੀਂ ਰੁਕਣਾ ਪੈਂਦਾ ਅਤੇ ਉਨ•ਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਲਦ ਤੋਂ ਜਲਦ ਉਨ•ਾਂ ਦੇ ਪਿੰਡਾਂ ਅਤੇ ਘਰਾਂ ਵਿੱਚ ਇਕਾਂਤਵਾਸ ਕੀਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇਸ ਸੈਂਟਰ ਨੂੰ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ਵਿੱਚ ਹਸਪਤਾਲ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਸ ਸੈਂਟਰ ਵਿੱਚ ਪਹਿਲਾਂ ਤਾਂ ਸਿਰਫ਼ ਬਿਸਤਰਿਆਂ ਅਤੇ ਇਲਾਜ਼ ਦਾ ਹੀ ਪ੍ਰਬੰਧ ਸੀ ਪਰ ਹੁਣ ਇਸ ਇਮਾਰਤ ਵਿੱਚ ਲੈਬਾਰਟਰੀ ਚਾਲੂ ਕਰ ਦਿੱਤੀ ਗਈ ਹੈ, ਜਿੱਥੇ ਕਿ ਇਥੇ ਭਰਤੀ ਸਾਰੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਜਾ ਸਕਦੇ ਹਨ।
ਇਸ ਹਸਪਤਾਲ ਵਿੱਚ ਪੂਰੇ 500 ਬਿਸਤਰਿਆਂ ਨੂੰ ਨੰਬਰ ਲਗਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਥੇ ਫਾਰਮੇਸੀ, ਮਰੀਜ਼ਾਂ ਦਾ ਰਜਿਸਟ੍ਰੇਸ਼ਨ ਕਾਊਂਟਰ, ਲਾਊਂਡਰੀ ਸੇਵਾ, ਸਾਫ਼ ਸੁਥਰੀ ਮੈੱਸ, ਨਿੱਜੀ ਸੁਰੱਖਿਆ, ਨਿੱਜੀ ਕੰਪਨੀ ਵੱਲੋਂ ਸਫਾਈ ਦਾ ਪ੍ਰਬੰਧ, ਮਰੀਜ਼ਾਂ ਦੀ ਕੌਂਸਲਿੰਗ ਲਈ ਕੌਂਸਲਰ ਆਦਿ ਹੋਰ ਸਹੂਲਤਾਂ ਵੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਥੇ ਭਰਤੀ ਲੋਕਾਂ ਲਈ ਜਲਦ ਹੀ ਯੋਗਾ ਆਦਿ ਦਾ ਵੀ ਪ੍ਰਬੰਧ ਇਸ ਹਸਪਤਾਲ ਵਿੱਚ ਕੀਤਾ ਜਾਵੇਗਾ। ਇਸ ਲੈਬਾਰਟਰੀ ਵਿੱਚ ਐੱਚ. ਬੀ, ਸ਼ੂਗਰ, ਪਿਸ਼ਾਬ ਅਤੇ ਹੋਰ ਟੈਸਟ ਵੀ ਕੇਤੇ ਜਾ ਸਕਦੇ ਹਨ।
ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਭਰਤੀ ਕੀਤੇ ਜਾਂਦੇ ਸ਼ੱਕੀ ਮਰੀਜ਼ਾਂ ਦੇ ਤੁਰੰਤ ਸੈਂਪਲਿੰਗ ਕਰਵਾਏ ਜਾਂਦੇ ਹਨ ਅਤੇ ਨਤੀਜਾ ਨੈਗੇਟਿਵ ਆਉਣ ‘ਤੇ ਉਨ•ਾਂ ਨੂੰ ਤੁਰੰਤ ਪਿੰਡਾਂ ਜਾਂ ਘਰਾਂ ਵਿੱਚ ਇਕਾਂਤਵਾਸ ਲਈ ਭੇਜ ਦਿੱਤਾ ਜਾਂਦਾ ਹੈ। ਉਨ•ਾਂ ਕਿਹਾ ਕਿ ਮੌਜੂਦਾ ਸਮੇਂ ਇਸ ਵਿੱਚ 108 ਸ਼ੱਕੀ ਮਰੀਜ਼ ਭਰਤੀ ਹਨ, ਜਿਨ•ਾਂ ਦੇ ਨਤੀਜੇ ਨੈਗੇਟਿਵ ਆਉਣ ‘ਤੇ ਇਨ•ਾਂ ਨੂੰ ਵੀ ਭੇਜ ਦਿੱਤਾ ਜਾਵੇਗਾ।
ਉਨ•ਾਂ ਨੇ ਦੱਸਿਆ ਕਿ ਆਪਣੇ ਘਰਾਂ ਅਤੇ ਪਿੰਡਾਂ ਵਿੱਚ 14 ਦਿਨ ਇਕਾਂਤਵਾਸ ਨਾਲ ਲੋਕਾਂ ਨੂੰ ਮਾਨਸਿਕ ਅਤੇ ਭਾਵਨਾਤਮਿਕ ਤੌਰ ‘ਤੇ ਮਜ਼ਬੂਤੀ ਮਿਲਦੀ ਹੈ। ਆਈਸੋਲੇਸ਼ਨ ਸੈਂਟਰਾਂ ਵਿੱਚ ਰਹਿ ਰਹੇ ਲੋਕਾਂ ਲਈ ਸਾਫ਼ ਸੁਥਰਾ ਅਤੇ ਸ਼ੁੱਧ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।