ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ ਭਾਸ਼ਾਵਾਂ ਵੱਲੋਂ ਨਿਰੰਜਣ ਸਿੰਘ ਸੈਲਾਨੀ ਦੀਆਂ ਪੁਸਤਕਾਂ ਦਾ ਲੋਕ-ਅਰਪਣ
ਨਿਊਜ਼ ਪੰਜਾਬ
ਪਟਿਆਲਾ, 19 ਮਾਰਚ 2025
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਪੰਜਾਬੀ ਦੇ ਲਗਭਗ ਅੱਧੀ ਸਦੀ ਤੋਂ ਸਾਹਿਤ ਸਿਰਜਣਾ ਕਰਦੇ ਆ ਰਹੇ ਪ੍ਰਬੁੱਧ ਲੇਖਕ ਸ. ਨਿਰੰਜਣ ਸਿੰਘ ਸੈਲਾਨੀ ਦੀਆਂ 6 ਨਵ-ਪ੍ਰਕਾਸ਼ਤ ਪੁਸਤਕਾਂ ‘ਮੀਲ ਪੱਥਰ ਜ਼ਿੰਦਗੀ ਦੇ’ (ਸ਼ਾਹਮੁਖੀ), ‘ਪਾਰੂ ਦੇ ਲਈ ਕਾਲਾ ਗੁਲਾਬ’, ‘ਸ਼ਾਹਨਾਮਾ ਫ਼ਿਰਦੌਸੀ : ਦਾਸਤਾਨਗੋਈ’, ‘ਸ਼ਾਹਨਾਮਾ ਫ਼ਿਰਦੌਸੀ: ਰੌਚਕ ਕਹਾਣੀ ਸੰਸਾਰ’ (ਹਿੰਦੀ), ‘ਸਿੱਕਮ ਦਾ ਇਕ ਬਰਸਾਤੀ ਦਿਨ’, ‘ਹਰੇ ਸਕੱਰਟ ਵਾਲੇ ਰੁੱਖਾਂ ਹੇਠ’ ਦਾ ਲੋਕ-ਅਰਪਣ ਡਾਇਰੈਕਟਰ ਭਾਸ਼ਾਵਾਂ ਸ੍ਰ. ਜਸਵੰਤ ਸਿੰਘ ਜ਼ਫ਼ਰ ਵੱਲੋਂ ਕੀਤਾ ਗਿਆ। ਪੁਸਤਕਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਆਖਿਆ ਕਿ ਸ. ਨਿਰੰਜਣ ਸਿੰਘ ਸੈਲਾਨੀ ਇਕ ਬਹੁ-ਵਿਧਾਵੀ ਅਤੇ ਬਹੁ-ਭਾਸ਼ਾਈ ਲੇਖਕ ਦੇ ਤੌਰ ‘ਤੇ ਬੀਤੇ 50 ਸਾਲਾਂ ਤੋਂ ਨਿਰੰਤਰ ਮਾਤਭਾਸ਼ਾ ਪੰਜਾਬੀ ਦੇ ਨਾਲ-ਨਾਲ ਹਿੰਦੀ ਅਤੇ ਸ਼ਾਹਮੁਖੀ ਦੇ ਸਾਹਿਤ ਰਚਨਾ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ । ਸੈਲਾਨੀ ਸਾਹਿਬ ਵੱਲੋਂ ਆਪਣੀ ਆਤਮ- ਕਥਾ “ਮੀਲ ਪੱਥਰ ਜ਼ਿੰਦਗੀ ਦੇ” ਨੂੰ ਮਾਂ-ਬੋਲੀ ਪੰਜਾਬੀ ਦੀ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਰਨਾ ਇਕ ਸ਼ਲਾਘਾਯੋਗ ਤੇ ਮਹੱਤਵਪੂਰਨ ਪਹਿਲ-ਕਦਮੀ ਹੈ। ਇਸ ਨਾਲ ਚੜ੍ਹਦੇ ਪੰਜਾਬ ਦੇ ਅਦਬ ਦਾ ਦਾਇਰਾ ਦੁਨੀਆ ਦੇ ਦੂਜੇ ਮੁਲਕਾਂ, ਖ਼ਾਸ ਤੌਰ ਤੇ ਲਹਿੰਦੇ ਪੰਜਾਬ ਵਿਚ ਵੀ ਫੈਲੇਗਾ।
ਇਸ ਦੌਰਾਨ ਤ੍ਰੈਭਾਸ਼ੀ ਸ਼ਾਇਰ ਅੰਮਿ੍ਤਪਾਲ ਸਿੰਘ ਸ਼ੈਦਾ ਨੇ ਦੱਸਿਆ ਕਿ ਨਿਰੰਜਣ ਸਿੰਘ ਸੈਲਾਨੀ ਹੁਣ ਤੱਕ ਲਗਭਗ ਤੀਹ ਪੁਸਤਕਾਂ ਪੰਜਾਬੀ ਦੀ ਝੋਲੀ ਪਾ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਵੱਖ-ਵੱਖ ਪੁਸਤਕਾਂ ਦਾ ਅਨੁਵਾਦ ਅਤੇ ਸੰਪਾਦਨ ਕਰਕੇ ਪ੍ਰਕਾਸ਼ਿਤ ਕਰਵਾਇਆ ਜਾ ਚੁੱਕਾ ਹੈ। ਸੈਲਾਨੀ ਸਾਹਿਬ ਦੀਆਂ ਉੱਤਮ ਅਧਿਆਪਨ ਤੇ ਸਾਹਿਤਿਕ ਸੇਵਾਵਾਂ ਦੇ ਅਧਾਰ ‘ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਰਾਜ ਪੁਰਸਕਾਰ ਦੇ ਨਾਲ ਨਵਾਜ਼ਿਆ ਹੋਇਆ ਹੈ ਅਤੇ ਕਈ ਹੋਰ ਨਾਮੀ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸਮਾਗਮ ਦੇ ਅਖੀਰ ਵਿੱਚ ਨਿਰੰਜਨ ਸਿੰਘ ਸੈਲਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਤੋਂ ਹੈੱਡ ਮਾਸਟਰ ਵਜੋਂ ਸੇਵਾ ਮੁਕਤ ਹੋਏ ਹਨ ਅਤੇ ਉਨ੍ਹਾਂ ਦੀਆਂ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਤਿੰਨ ਦਰਜਨ ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅੱਜ ਇੱਥੇ ਲੋਕ-ਅਰਪਣ ਹੋਈ ਆਤਮ-ਕਥਾ ਮੂਲ ਰੂਪ ਵਿਚ ਪਹਿਲਾਂ ਪੰਜਾਬੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਹੁਣ ਇਸ ਕਿਤਾਬ ਨੂੰ ਅੰਮਿ੍ਤਪਾਲ ਸਿੰਘ ਸ਼ੈਦਾ ਨੇ ਸ਼ਾਹਮੁਖੀ ਵਿਚ ਅਨੁਵਾਦ ਕਰ ਕੇ ਪ੍ਰਕਾਸ਼ਿਤ ਕਰਵਾਇਆ ਹੈ। ਉਨ੍ਹਾਂ ਨੇ ਅੱਜ ਦੇ ਸਮਾਗਮ ਨੂੰ ਉਲੀਕਣ ਲਈ ਡਾਇਰੈਕਟਰ ਸਾਹਿਬ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਅਤੇ ਖੋਜ ਅਫ਼ਸਰ ਡਾ. ਸੰਤੋਖ ਸਿੰਘ ਸੁੱਖੀ, ਡਾ. ਸੁਖਦਰਸ਼ਨ ਸਿੰਘ ਚਹਿਲ, ਡਾ. ਮਨਜਿੰਦਰ ਸਿੰਘ ਅਤੇ ਸ. ਭੂਪਿੰਦਰ ਸਿੰਘ ਸੁਪਰਡੈਂਟ ਆਦਿ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।