ਮੁੱਖ ਖ਼ਬਰਾਂਪੰਜਾਬ

ਰਿਸ਼ਵਤ ਮਾਮਲੇ ‘ਚ ਰੋਡਵੇਜ਼ ਇੰਸਪੈਕਟਰ ਪ੍ਰੀਤਇੰਦਰਜੀਤ ਸਿੰਘ ਨੂੰ ਪੰਜ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ, ਵਿਜੀਲੈਂਸ ਬਿਊਰੋ ਵੱਲੋ ਕੀਤਾ ਸੀ ਕਾਬੂ

ਨਿਊਜ਼ ਪੰਜਾਬ

26 ਫਰਵਰੀ 2025

ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਅਮੀਤਾ ਸਿੰਘ ਦੀ ਅਦਾਲਤ ਨੇ ਵਿਜੀਲੈਂਸ ਵੱਲੋਂ ਦਰਜ ਰਿਸ਼ਵਤ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਰੋਡਵੇਜ਼ ਇੰਸਪੈਕਟਰ ਨੂੰ ਪੰਜ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਇਸ ਕੇਸ ਅਨੁਸਾਰ 17 ਅਗਸਤ 2018 ਨੂੰ ਠੇਕਾ ਅਧਾਰਿਤ ਰੋਡਵੇਜ਼ ਕਰਮਚਾਰੀ ਜਤਿੰਦਰਪਾਲ ਸਿੰਘ ਡਰਾਈਵਰ, ਅਵਤਾਰ ਸਿੰਘ ਕੰਡਕਟਰ ਅਤੇ ਸੁਰਜੀਤ ਸਿੰਘ ਨੇ ਵਿਜੀਲੈਂਸ ਦਫ਼ਤਰ ‘ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਕੱਚੇ ਠੇਕਾ ਅਧਾਰਿਤ ਕਰਮਚਾਰੀ ਹਨ ਅਤੇ ਨਾਮਾਤਰ ਤਨਖਾਹ ‘ਤੇ ਕੰਮ ਕਰਦੇ ਹਨ।

ਜੇਕਰ ਉਨ੍ਹਾਂ ਦੀ ਡਿਊਟੀ ਲੰਬੇ ਰੂਟ ‘ਤੇ ਲੱਗਦੀ ਹੈ ਤਾਂ ਉਨ੍ਹਾਂ ਨੂੰ ਓਵਰਟਾਈਮ ਅਤੇ ਟੀਏ, ਡੀਏ ਵੀ ਮਿਲਦਾ ਹੈ। ਪੰਜਾਬ ਰੋਡਵੇਜ਼ ਦੀ ਇੱਕ ਵੋਲਵੋ ਬੱਸ ਅਬੋਹਰ ਤੋਂ ਚੰਡੀਗੜ੍ਹ ਜਾ ਰਹੀ ਸੀ ਜਿਸ ‘ਤੇ ਉਨ੍ਹਾਂ ਦੀ ਡਿਊਟੀ ਸੀ। ਜਿਸ ਕਰਕੇ ਉਨ੍ਹਾਂ ਨੂੰ ਓਵਰਟਾਈਮ, ਟੀਏ ਅਤੇ ਡੀਏ ਮਿਲਦਾ ਸੀ। ਪਰ ਬਾਅਦ ‘ਚ ਉਨ੍ਹਾਂ ਦੀ ਡਿਊਟੀ ਕੱਟ ਦਿੱਤੀ ਗਈ। ਇਸ ਬੱਸ ‘ਚ ਦੁਬਾਰਾ ਡਿਊਟੀ ਲਗਵਾਉਣ ਦੇ ਬਦਲੇ ਰੋਡਵੇਜ਼ ਇੰਸਪੈਕਟਰ ਪ੍ਰੀਤਇੰਦਰਜੀਤ ਸਿੰਘ ਉਨ੍ਹਾਂ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ।ਉਨ੍ਹਾਂ ਨੇ ਆਪਸ ‘ਚ ਗੱਲਬਾਤ ਕੀਤੀ ਅਤੇ 3,500 ਰੁਪਏ ‘ਚ ਸੌਦਾ ਤੈਅ ਹੋ ਗਿਆ। ਵਿਜੀਲੈਂਸ ਨਾਲ ਮਿਲ ਕੇ ਉਨ੍ਹਾਂ ਨੇ ਜਾਲ ਵਿਛਾਇਆ ਅਤੇ ਪ੍ਰੀਤਇੰਦਰਜੀਤ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ ਲਿਆ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮੀਤਾ ਸਿੰਘ ਦੀ ਅਦਾਲਤ ਨੇ ਸਰਕਾਰੀ ਵਕੀਲ ਆਰ.ਐਸ. ਜੋਸਨ ਦੀ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪ੍ਰੀਤਇੰਦਰਜੀਤ ਸਿੰਘ ਨੂੰ ਸੈਕਸ਼ਨ-7 ਤਹਿਤ ਪੰਜ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ।