ਦਿੱਲੀ ਵਿਧਾਨ ਸਭਾ ਵਿੱਚ ਆਪ’ ਨੇ ਆਤਿਸ਼ੀ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ
ਨਿਊਜ਼ ਪੰਜਾਬ
ਦਿੱਲੀ ,23 ਫਰਵਰੀ 2025
ਦਿੱਲੀ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ, ਦਿੱਲੀ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਹੈ। ‘ਆਪ’ ਨੇਤਾ ਸੰਜੀਵ ਝਾਅ ਨੇ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਲਈ ਆਤਿਸ਼ੀ ਦਾ ਨਾਮ ਪ੍ਰਸਤਾਵਿਤ ਕੀਤਾ ਸੀ। ਜਿਸਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ। ਦਰਅਸਲ, ‘ਆਪ’ ਨੇ ਐਤਵਾਰ ਨੂੰ ਵਿਧਾਨ ਸਭਾ ਸੈਸ਼ਨ ਦੇ ਏਜੰਡੇ ‘ਤੇ ਚਰਚਾ ਕਰਨ ਲਈ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਸੀ। ਇਹ ਮੀਟਿੰਗ ਦੁਪਹਿਰ 1 ਵਜੇ ਦੇ ਕਰੀਬ ‘ਆਪ’ ਹੈੱਡਕੁਆਰਟਰ ਵਿਖੇ ਸ਼ੁਰੂ ਹੋਈ। ਮੀਟਿੰਗ ਦੌਰਾਨ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਾਰੇ ਫੈਸਲਾ ਲਿਆ ਗਿਆ ਅਤੇ ਇਹ ਜ਼ਿੰਮੇਵਾਰੀ ਆਤਿਸ਼ੀ ਨੂੰ ਸੌਂਪੀ ਗਈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਔਰਤਾਂ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੀਆਂ।
ਵਿਧਾਨ ਸਭਾ ਦਾ ਸੈਸ਼ਨ ਤਿੰਨ ਦਿਨ ਚੱਲੇਗਾ
ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੇ ਦਿੱਲੀ ਵਿੱਚ ਨਵੀਂ ਸਰਕਾਰ ਬਣਾਈ ਹੈ।ਵਿਧਾਨ ਸਭਾ ਵਿੱਚ ਭਾਜਪਾ ਦੇ 48 ਵਿਧਾਇਕ ਹਨ ਜਦੋਂ ਕਿ ਵਿਰੋਧੀ ਪਾਰਟੀ ‘ਆਪ’ ਦੇ 22 ਮੈਂਬਰ ਹਨ।ਭਾਜਪਾ ਨੇ ਰੇਖਾ ਗੁਪਤਾ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਹੈ।ਨਵੀਂ ਅਸੈਂਬਲੀ ਦਾ ਪਹਿਲਾ ਸੈਸ਼ਨ 24 ਫਰਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ।ਇਸ ਦੌਰਾਨ ਪ੍ਰੋਟੇਮ ਸਪੀਕਰ ਅਰਵਿੰਦਰ ਸਿੰਘ ਲਵਲੀ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ।ਲਵਲੀ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਦੇ ਨਿਰਦੇਸ਼ਾਂ ‘ਤੇ ਪ੍ਰੋਟਮ ਸਪੀਕਰ ਨਿਯੁਕਤ ਕੀਤਾ ਗਿਆ ਹੈ।ਤਿੰਨ ਦਿਨਾਂ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਸਪੀਕਰ-ਡਿਪਟੀ ਸਪੀਕਰ ਦੀ ਚੋਣ ਵੀ ਹੋਵੇਗੀ। ਇਹ ਸੈਸ਼ਨ 24 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ 27 ਫਰਵਰੀ ਤੱਕ ਜਾਰੀ ਰਹੇਗਾ