ਪੰਜਾਬਅੰਤਰਰਾਸ਼ਟਰੀ

ਸਨਮਾਨ : ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਸਾਲ 2024 ਦਾ ਸ. ਪ੍ਰੀਤਮ ਸਿੰਘ ਬਾਸੀ ਸਾਹਿੱਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ

ਨਿਊਜ਼ ਪੰਜਾਬ

ਲੁਧਿਆਣਾ: 3 ਫਰਵਰੀ – ਬੀ ਸੀ ਕਲਚਰਲ ਐਸੋਸੀਏਸ਼ਨ ਸਰੀ (ਕੈਨੇਡਾ) ਵੱਲੋਂ ਸਥਾਪਿਤ ਸਵਰਗੀ ਸ. ਪ੍ਰੀਤਮ ਸਿੰਘ ਬਾਸੀ ਪੁਰਸਕਾਰ ਇਸ ਵਾਰ ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਦਿੱਤਾ ਜਾਵੇਗਾ।

ਇਹ ਐਲਾਨ ਕਰਦਿਆਂ ਬੀ ਸੀ ਕਲਚਰਲ ਫਾਉਂਡੇਸ਼ਨ ਵੱਲੋਂ ਸਥਾਪਿਤ ਪੰਜ ਮੈਂਬਰੀ ਪੁਰਸਕਾਰ ਚੋਣ ਕਮੇਟੀ ਦੇ ਪ੍ਰਧਾਨ ਡਾ. ਸ ਪ ਸਿੰਘ ਤੇ ਸਰੀ(ਕੈਨੇਡਾ ਤੋਂ ਆਏ ਪ੍ਰਤੀਨਿਧ ਮੋਹਨ ਗਿੱਲ ਨੇ ਦੱਸਿਆ ਕਿ ਉੱਘੇ ਇਨਕਲਾਬੀ ਪੰਜਾਬੀ ਕਵੀ ਸ਼੍ਰੀ ਦਰਸ਼ਨ ਖਟਕੜ ਨੂੰ ਸਾਲ 2024 ਦਾ ਸ. ਪ੍ਰੀਤਮ ਸਿੰਘ ਬਾਸੀ ਸਾਹਿੱਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਇਹ ਪੁਰਸਕਾਰ ਬੀੜ ਬੰਸੀਆਂ(ਜਲੰਧਰ) ਦੇ ਜੰਮਪਲ ਤੇ ਵਰਤਮਾਨ ਸਮੇਂ ਕੈਨੇਡਾ ਵਾਸੀ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸ. ਪ੍ਰੀਤਮ ਸਿੰਘ ਬਾਸੀ ਜੀ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਪੁਰਸਕਾਰ ਵਿੱਚ 51 ਹਜ਼ਾਰ ਰੁਪਏ ਦੀ ਧਨ ਰਾਸ਼ੀ ,ਦੋਸ਼ਾਲਾ ਤੋਂ ਇਲਾਵਾ ਸ਼ੋਭਾ ਪੱਤਰ ਵੀ ਦਿੱਤਾ ਜਾਵੇਗਾ।

ਸ਼੍ਰੀ ਦਰਸ਼ਨ ਖਟਕੜ ਹੁਣ ਤੀਕ ਦੋ ਮਹੱਤਵਪੂਰਨ ਕਾਵਿ ਸੰਗ੍ਰਹਿ “ਸੰਗੀ ਸਾਥੀ “ਅਤੇ “ਉਲਟੇ ਰੁਖ਼ ਪਰਵਾਜ਼ ਲਿਖ ਚੁਕੇ ਹਨ। ਦਰਸ਼ਨ ਖਟਕੜ ਦੇ ਜੀਵਨ ਸੰਘਰਸ਼ , ਰਚਨਾ ਤੇ ਸ਼ਖ਼ਸੀਅਤ ਬਾਰੇ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਜਾਣਕਾਰੀ ਦੇਣਗੇ।

ਡਾ. ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਅਗਵਾਈ ਚ ਬਣੀ ਪੁਰਸਕਾਰ ਚੋਣ ਕਮੇਟੀ ਚ ਡਾ: ਗੁਰਇਕਬਾਲ ਸਿੰਘ, ਮੋਹਨ ਗਿੱਲ, ਤ੍ਰੈਲੋਚਨ ਲੋਚੀ, ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸਰਬਸੰਮਤੀ ਨਾਲ ਦਰਸ਼ਨ ਖਟਕੜ ਨੂੰ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਹੈ।

ਪੁਰਸਕਾਰ ਸਮਾਗਮ ਦੇ ਕਨਵੀਨਰ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਸਮਾਗਮਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ, ਸਿਵਿਲ ਲਾਈਨਜ਼ ਲੁਧਿਆਣਾ ਵਿਖੇ 20 ਫਰਵਰੀ ਨੂੰ ਕਰਵਾਇਆ ਜਾਵੇਗਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਹੀਦ ਭਗਤ ਸਿੰਘ ਜੀ ਦੇ ਭਣੇਵੇਂ ਪ੍ਰੋ. ਜਗਮੋਹਨ ਸਿੰਘ ਪਹੁੰਚਣਗੇ। ਸਮਾਗਮ ਦੀ ਪ੍ਰਧਾਨਗੀ ਡਾ. ਸ ਪ ਸਿੰਘ ਕਰਨਗੇ ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਮੋਹਨ ਗਿੱਲ ਸ਼ਾਮਿਲ ਹੋਣਗੇ। ਮੰਚ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਕਰਨਗੇ।