ਕੋਰੋਨਾ ਮਹਾਂਮਾਰੀ ਨੇ ਪੰਜਾਬ ਦੇ ਉਦਯੋਗ ਨੂੰ ਲਿਆ ਆਪਣੀ ਲਪੇਟ ਵਿੱਚ – ਵੱਡੇ ਆਰਥਿਕ ਸੰਕਟ ਵਿੱਚ ਡੁਬਿਆ ਸੂਬਾ – ਬਚਾਅ ਦੇ ਸਾਧਨ ਦੱਸ ਰਹੇ ਨੇ ਸਰਦਾਰ ਉਂਕਾਰ ਸਿੰਘ ਪਾਹਵਾ CMD ਏਵਨ ਸਾਇਕਲਜ਼ – ਪੜ੍ਹੋ ਨਿਊਜ਼ ਪੰਜਾਬ ਨਾਲ ਹੋਈ ਵਿਸ਼ੇਸ਼ ਗਲਬਾਤ

ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ 

ਲੁਧਿਆਣਾ , 30 ਅਪ੍ਰੈਲ – ਕੋਰੋਨਾ ਵਾਇਰਸ (COVID – 19 ) ਦੀ ਮਹਾਂਮਾਰੀ ਨੇ ਲੱਖਾਂ ਹੀ ਜਾਨਾ ਲੈਣ ਦੇ ਨਾਲ ਨਾਲ ਦੁਨੀਆ ਨੂੰ ਆਰਥਿਕ ਤਬਾਹੀ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਹੈ | ਭਾਵੇ ਇਸ ਦਾ ਅਸਰ ਸਾਰੀ ਦੁਨੀਆਂ ਤੇ ਹੈ ਪਰ ਭਾਰਤ ਦਾ ਇੱਕ ਛੋਟਾ ਸੂਬਾ ਪੰਜਾਬ ਡੇਢ ਮਹੀਨੇ ਵਿਚ ਆਪਣੀ ਲੰਗੜੀ ਹੋ ਚੁੱਕੀ ਆਰਥਿਕਤਾ ਨੂੰ ਲੈ ਕੇ ਵੱਡੀ ਚਿੰਤਾ ਵਿੱਚ ਗ੍ਰਸਤ ਹੁੰਦਾ ਜਾ ਰਿਹਾ ਹੈ | ਇਹ ਚਿੰਤਾ 4600 ਕਰੋੜ ਦੇ ਘਾਟੇ ਨਾਲ ਰਾਜ ਸਰਕਾਰ ਨੂੰ ਹੈ ,ਉਥੇ ਹਜ਼ਾਰਾਂ ਕਰੋੜ ਰੁਪਏ ਦੇ ਨੁਕਸਾਨ ਨੂੰ ਲੈ ਕੇ ਕਾਰੋਬਾਰੀ ਫ਼ਿਕਰਮੰਦ ਹਨ |
ਪੰਜਾਬ ਦੇ ਘਰੇਲੂ ,ਛੋਟੇ ਅਤੇ ਦਰਮਿਆਨੇ ਉਦਯੋਗ ਤਾਂ ਵੱਡੇ ਸੰਕਟ ਵਿੱਚ ਡੁੱਬਦੇ ਜਾ ਰਹੇ ਹਨ | ਪੰਜਾਬ ਦਾ ਸਾਇਕਲ ,ਹੌਜ਼ਰੀ ,ਹੈਂਡ ਟੂਲਜ਼ ਅਤੇ ਆਟੋ ਪਾਰਟਸ ਉਦਯੋਗ ਵਰਗੇ ਹੋਰ ਕਾਰੋਬਾਰ ਜੋ ਸੂਬੇ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ ਕੀ ਆਉਣ ਵਾਲੇ ਸਮੇ ਵਿੱਚ ਸੂਬੇ ਦੇ ਲੋਕਾਂ ਦਾ ਸਹਾਰਾ ਬਣੇ ਰਹਿਣਗੇ ? ਇਹ ਸਵਾਲ ਅੱਜ ਸਿਰਫ ਪੰਜਾਬ ਦੀ ਜਨਤਾ ਦਾ ਹੀ ਨਹੀਂ ਪੰਜਾਬ ਦੇ ਉਦਯੋਗ ਨਾਲ ਜੁੜੇ ਦੂਜੇ ਸੂਬਿਆਂ ਤੋਂ ਆਏ 12 ਤੋਂ 15 ਲੱਖ ਪਰਵਾਸੀ ਮਜ਼ਦੂਰਾਂ ਦਾ ਵੀ ਹੈ | ਕੀ ਹੁਣ ਪੰਜਾਬ ਦੇ ਉਦਯੋਗ ਸੂਬੇ ਦਾ ਖ਼ਜ਼ਾਨਾ ਭਰਨ ਦੇ ਨਾਲ-ਨਾਲ ਆਪਣੀ ਹੋਂਦ ਬਚਾਅ ਸਕਣਗੇ ?
ਇਸ ਬਾਰੇ ਨਿਊਜ਼ ਪੰਜਾਬ ਵਲੋਂ ਵਿਸ਼ੇਸ਼ ਤੋਰ ਤੇ ਉਦਯੋਗ ਦੀ ਉਘੀ ਹਸਤੀ , ਆਲ ਇੰਡੀਆ ਸਾਇਕਲ ਮਨੂਫੈਕਚ੍ਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਏਵਨ ਸਾਇਕਲਜ਼ ਦੇ ਸੀ ਐਮ ਡੀ ਸਰਦਾਰ ਉਂਕਾਰ ਸਿੰਘ ਪਾਹਵਾ ਨਾਲ ਇਸ ਸਬੰਧੀ ਵਿਚਾਰ – ਚਰਚਾ ਕੀਤੀ ਗਈ ਜੋ ਤੁਹਾਡੇ ਸਨਮੁੱਖ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ |

? – ਮੌਜ਼ੂਦਾ ਸੰਕਟਮਈ ਸਮੇ ਵਿੱਚ ਜਦੋ ਪੂਰੇ ਸੰਸਾਰ ਵਿੱਚ ਕੋਰੋਨਾ ਮਹਾਂਮਾਰੀ ਤੋਂ ਜਾਨਾ ਬਚਾਉਣ ਨੂੰ ਪਹਿਲ ਦਿਤੀ ਜਾ ਰਹੀ ਹੈ ਤਾਂ ਉਸ ਸਮੇ ਕਾਰੋਬਾਰੀ ਸੰਕਟ ਨੂੰ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ?
— ਇਸ ਸਮੇ ਬਣਦੇ ਜਾ ਰਹੇ ਹਲਾਤਾਂ ਨੂੰ ਵੇਖੀਏ ਤਾਂ ਸੱਚਮੁੱਚ ਸਭ ਤੋਂ ਪਹਿਲਾ ਕੀਮਤੀ ਜਾਨਾ ਬਚਾਉਣੀਆਂ ਹੀ ਸਾਡੀ ਵੱਡੀ ਪ੍ਰਾਪਤੀ ਹੋਵੇਗੀ | ਪੰਜਾਬੀ ਇੱਕ ਬਹਾਦਰ ਕੌਮ ਹੈ ਇਹ ਹਰ ਔਖੀ ਸਥਿਤੀ ਦਾ ਮੁਕਾਬਲਾ ਕਰ ਸਕਦੇ ਹਨ | ਹੁਣ ਵਿਸ਼ਵ ਦੀਆਂ ਪ੍ਰਸਥਿਤੀਆਂ ਬਦਲਦੀਆਂ ਨਜ਼ਰ ਆ ਰਹੀਆਂ ਹਨ ਤੇ  ਸਾਨੂੰ ਵੀ ਸੋਚ -ਸਮਝ ਕੇ ਅਗੇ ਵਧਣਾ ਪਵੇਗਾ |

 ? – ਤੁਹਾਡਾ ਸਾਇਕਲ ਉਦਯੋਗ ਨਾਲ ਮੁੱਖ ਸਬੰਧ ਹੈ | ਇਸ ਉਦਯੋਗ ਤੇ ਕੀ ਅਸਰ ਵੇਖ ਰਹੇ ਹੋ ?
— ਕੋਰੋਨਾ ਮਹਾਮਾਰੀ ਨੇ ਬਾਕੀ ਉਦਯੋਗਾਂ ਵਾਂਗ ਸਾਇਕਲ ਉਦਯੋਗ ਨੂੰ ਵੀ ਵੱਡਾ ਝਟਕਾ ਦਿੱਤਾ ਹੈ | ਸਿਰਫ ਡੇਢ ਮਹੀਨੇ ਵਿੱਚ ਹੀ ਇਸ ਉਦਯੋਗ ਨੂੰ 500 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ , ਨਵੇਂ ਸਾਈਕਲਾਂ ਦਾ ਉਤਪਾਦਨ ਰੁੱਕਣਾ ,ਸਪੇਰ -ਪਾਰਟਸ ਦੀ ਵਿਕਰੀ ਬੰਦ ਹੋਣੀ ,ਕਚੇ ਮਾਲ ਦੀ ਸਪਲਾਈ ਵਿੱਚ ਵਿਗਨ ਪੈਣਾ , ਬਾਜ਼ਾਰ ਬੰਦ ਹੋਣ ਨਾਲ ਰਕਮਾਂ ਰੁਕਣੀਆਂ ਅਤੇ ਬੈੰਕਾਂ ਦੇ ਵਿਆਜ਼ ਕਾਰੋਬਾਰੀਆਂ ਦੇ ਸਿਰ ਚੜ੍ਹਣ ਵਰਗੀਆਂ ਮੁਸ਼ਕਲਾਂ ਸਾਇਕਲ ਉਦਯੋਗ ਦੀ ਚਾਲ ਮੱਧਮ ਕਰ ਦੇਣਗੀਆਂ |

? – ਸਾਇਕਲ ਉਦਯੋਗ ਪੰਜਾਬ ਦਾ ਮੁੱਖ ਕਾਰੋਬਾਰ ਹੈ , ਦੇਸ਼ ਦੇ 80 ਪ੍ਰਤੀਸ਼ਤ ਸਾਇਕਲ ਅਤੇ ਸਪੇਰ -ਪਾਰਟਸ ਪੰਜਾਬ ਵਿੱਚ ਤਿਆਰ ਹੁੰਦੇ ਹਨ | ਸਾਇਕਲ ਉਦਯੋਗ ਨੂੰ ਆਰਥਿਕ ਨੁਕਸਾਨ ਹੋਣਾ ਪੰਜਾਬ ਲਈ ਚਿੰਤਾ ਦਾ ਸੰਕੇਤ ਹੈ , ਕੀ ਪੰਜਾਬ ਇਸ ਨੂੰ ਬਰਦਾਸ਼ਤ ਕਰ ਸਕੇਗਾ ?
— ਬਿਲਕੁਲ ਨਹੀਂ , ਇਹ ਤਸਵੀਰ ਤਾਂ ਸਿਰਫ ਡੇਢ ਮਹੀਨੇ ਦੀ ਹੀ ਸਾਹਮਣੇ ਆਈ ਹੈ ਬਾਕੀ ਅਗੋ ਹਲਾਤ ਦੱਸਣਗੇ | ਨਵਾਂ ਵਿਤੀ ਵਰ੍ਹਾ (1 ਅਪ੍ਰੈਲ ਤੋਂ 31 ਮਾਰਚ 2021 ) ਆਪਣੇ ਪੈਰਾਂ ਤੇ ਖੜ੍ਹਾ ਨਹੀਂ ਹੋ ਸਕੇਗਾ ,ਪਿਛਲੇ ਮਾਰਚ ਮਹੀਨੇ ਨੂੰ ਸੰਭਾਲਣਾ ਸਨਅਤਕਾਰਾਂ ਲਈ ਮੁਸ਼ਕਲ ਬਣੀ ਹੋਈ ਹੈ , ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਗਿਆ ਮਾਲ ਟਰੱਕ (ਗੱਡੀਆਂ ) ਖਾਲੀ ਨਾ ਹੋਣ ਕਾਰਨ ਵਾਪਸ ਆ ਰਹੇ ਹਨ | ਬਜ਼ਾਰ ਖੁੱਲ੍ਹਣ ਤੇ ਵੀ ਹਾਲੇ ਦੁਕਾਨਦਾਰਾਂ ਨੂੰ ਸੰਭਲਣ ਵਿੱਚ ਸਮਾਂ ਲਗੇਗਾ | ਇਸ ਵਿਤੀ ਵਰ੍ਹੇ ਦੇ ਵਿਕਰੀ ਟੀਚੇ 50 ਪ੍ਰਤੀਸ਼ਤ ਪੂਰੇ ਕਰਨਾ ਵੀ ਮੁਸ਼ਕਲ ਲਗ ਰਿਹਾ ਹੈ | 

? – ਉਦਯੋਗਪਤੀਆਂ ਨੂੰ ਇੱਕ ਪਾਸੇ ਕਾਰੋਬਾਰ ਦੀ ਚਿੰਤਾ ਦੂਜੇ ਪਾਸੇ ਵਰਕਰਾਂ ਨੂੰ ਸੰਭਾਲਣਾ ਤੇ ਮਹਾਂਮਾਰੀ ਤੋਂ ਬਚਣਾ ਅਤੇ ਬਚਾਉਣਾ , ਇਸ ਸਥਿਤੀ ਨੂੰ ਸੰਭਾਲ ਸਕਣਗੇ ?
— ਇਨ੍ਹਾਂ ਹਲਾਤਾਂ ਨੂੰ ਸਰਕਾਰ ਦੀ ਮਦਦ ਤੋਂ ਬਿਨਾ ਨਹੀਂ ਸੰਭਾਲਿਆ ਜਾ ਸਕਦਾ , ਦੇਸ਼ ਵਿੱਚ ਲਾਗੂ ਸਕੀਮਾਂ ਦਾ ਰੁੱਖ ਬਦਲਣਾ ਪਵੇਗਾ ,ਪੰਜਾਬ ਵਿੱਚ ਛੋਟੇ ਅਤੇ ਘਰੇਲੂ ਉਦਯੋਗਾਂ ਦੇ ਮਾਲਕ ਖੁਦ ਆਪ ਵੀ ਕਾਰੀਗਰ ਅਤੇ ਵਰਕਰ ਹਨ ਸਰਕਾਰ ਨੂੰ ਇਨ੍ਹਾਂ ਨੂੰ ਬਚਾਉਣ ਲਈ ਵੀ ਵਿਸ਼ੇਸ਼ ਸਕੀਮਾਂ ਤਿਆਰ ਕਰਨੀਆਂ ਪੈਣਗੀਆਂ | ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਉਦਯੋਗਾਂ ਤੇ ਪੈ ਰਿਹਾ ਬੈੰਕਾਂ ਦਾ ਵਿਆਜ਼ ਹਾਲ ਦੀ ਘੜੀ 6 ਮਹੀਨੇ ਲਈ ਮਾਫ ਕਰ ਦੇਣਾ ਚਾਹੀਦਾ ਹੈ ਅਤੇ ਰਾਹਤ ਦੇਣ ਵਾਸਤੇ ਆਰਥਿਕ ਮਦਦ ਲਈ ਇੱਕ ਵਿਸ਼ੇਸ਼ ਪੈਕੇਜ਼ ਦਾ ਐਲਾਨ ਵੀ ਕਰਨਾ ਚਾਹੀਦਾ ਹੈ | ਫੈਕਟਰੀ ਵਰਕਰਾਂ ਲਈ ਈ ਐੱਸ ਆਈ ,ਮੰਗਨਰੇਗਾ ਵਰਗੀਆਂ ਹੋਰ ਸਕੀਮਾਂ ਵਿੱਚੋ ਲਗਾਤਾਰ ਆਰਥਿਕ ਮਦਦ ਕਰਨ ਦੀ ਲੋੜ ਹੈ |

? – ਸੂਬਾ ਸਰਕਾਰ ਨੇ ਬਿਜਲੀ ਦੇ ਬਿੱਲਾ ਵਿੱਚ ਕੁਝ ਰਿਆਇਤਾਂ ਦਿਤੀਆਂ ਵੀ ਹਨ , ਸਨਅਤਕਾਰ ਬਿਜਲੀ ਬਿੱਲਾ ਵਿੱਚ ਹੋਰ ਕੀ ਚਾਹੁੰਦੇ ਹਨ ?
— ਹਲਾਤ ਸਥਿਰ ਨਾ ਹੋਣ ਕਾਰਨ ਸਰਕਾਰ ਘਟੋ -ਘੱਟ ਇੱਕ ਸਾਲ ਵਾਸਤੇ ਬਿਜਲੀ ਦਰਾਂ ਵਿੱਚ ਵਿਸ਼ੇਸ਼ ਰਿਆਇਤਾਂ ਦੇਵੇ , ਜਿਵੇ ਉਦਯੋਗ ਤੋਂ ਬਿਜਲੀ ਦੇ ਬਿੱਲ ਸਿਰਫ ਵਰਤੀ ਬਿਜਲੀ ਦੇ ਅਧਾਰ ਤੇ ਹੀ ਲਏ ਜਾਣ, ਕੋਈ ਵੀ ਸਨਅਤੀ ਇਕਾਈ ਜਿਨ੍ਹੇ ਯੂਨਿਟ ਵਰਤੇ ਉਸ ਤੋਂ ਪ੍ਰਤੀ ਯੂਨਿਟ ਬਿੱਲ ਵਸੂਲ ਲਿਆ ਜਾਵੇ ,ਕੁਨੈਕਸ਼ਨ ਅਨੁਸਾਰ ਪੱਕੇ ਖਰਚੇ ਅਤੇ ਹੋਰ ਵੱਖ-ਵੱਖ ਕਰ ਨਾ ਲਏ ਜਾਣ | ਬਿਜਲੀ ਦੀ ਵਧੇਰੇ ਵਰਤੋਂ ਲਈ ਇੱਹ ਰਾਹਤ ਦੇਣੀ ਬਹੁਤ ਜਰੂਰੀ ਹੈ | ਇਸੇ ਤਰ੍ਹਾਂ ਨਗਰ ਨਿਗਮਾਂ ਅਤੇ ਹੋਰ ਵਿਭਾਗ ਵੀ ਵਸੂਲੇ ਜਾਂਦੇ ਬਿੱਲਾ ਤੇ ਮੁੜ੍ਹ ਵਿਚਾਰ ਕਰਨ | ਹਰ ਵਿਭਾਗ ਆਪਣੇ ਖਰਚੇ ਪੂਰੇ ਕਰਨ ਲਈ ਵੱਖ -ਵੱਖ ਢੰਗਾਂ ਨਾਲ ਬਿੱਲ ਵਸੂਲਦੇ ਸਨ ਇਨ੍ਹਾਂ ਨੂੰ ਹੁਣ ਦੇ ਹਲਾਤਾਂ ਅਨੁਸਾਰ ਨੀਤੀ ਅਖਤਿਆਰ ਕਰਨੀ ਪਵੇਗੀ|

? – ਕੋਰੋਨਾ ਮਹਾਂਮਾਰੀ ਦੀ ਪੈਦਾਵਾਰ ਦਾ ਜੁੰਮੇਵਾਰ ਚੀਨ ਨੂੰ ਮਨਿਆ ਜਾਂਦਾ ਹੈ , ਜਿਸ ਕਾਰਨ ਦੁਨੀਆਂ ਭਰ ਦੇ ਲੋਕ ਚੀਨ ਦੇ ਉਤਪਾਦਨਾਂ ਤੋਂ ਨਫਰਤ ਕਰਨ ਲਗੇ ਹਨ , ਕੀ ਇਸ ਦਾ ਭਾਰਤ ਲਾਭ ਉਠਾ ਸਕਦਾ ?
— ਬਿਲਕੁਲ ,ਇਸ ਕੰਮ ਲਈ ਕੇਂਦਰ ਸਰਕਾਰ ਨੂੰ ਵਿਸ਼ੇਸ਼ ਸਕੀਮ ਤਿਆਰ ਕਰਨ ਦੀ ਲੋੜ ਹੈ , ਚੀਨ ਵਰਗੇ ਸਨਅਤੀ ਉਤਪਾਦਨ ਤਿਆਰ ਕਰਨ ਲਈ ਉਦਯੋਗ ਨੂੰ ਨਵੀਨੀ ਕਰਨ ਦੀ ਲੋੜ ਹੈ , ਨਵੀਆਂ ਕੰਪਿਊਟਰ ਅਧਾਰਤ ਮਸ਼ੀਨਾ ਅਤੇ ਸਸਤਾ ਕੱਚਾ-ਮਾਲ ਦੇਣ ਵਾਸਤੇ ਕੇਂਦਰ ਸਰਕਾਰ ਨੂੰ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ , ਚੀਨ ਤੋਂ ਬਿਨਾ ਹੋਰ ਦੇਸ਼ਾਂ ਤੋਂ ਵੀ ਚੰਗੀਆਂ ਮਸ਼ੀਨਾਂ ਮਿੱਲ ਸਕਦੀਆਂ ਹਨ , ਸਰਕਾਰ ਆਰਥਿਕ ਮਦਦ ਕਰਕੇ ਕਸਟਮ ਡਿਊਟੀ ਹਟਾਕੇ ਦੇਸ਼ ਵਿੱਚ ਨਵੀ ਤਕਨੀਕ ਲਈ ਰਾਹ ਖੋਲ ਦੇਵੇ ਤਾਂ ਦੇਸ਼ ਮੁਕਾਬਲਾ ਕਰਨ ਦੇ ਸਮਰਥ ਹੈ |

ਕਿਰਤ ਕਰੋ – ਸੁਰਖਿਅਤ ਰਹੋ !

ਸਰਦਾਰ ਉਂਕਾਰ ਸਿੰਘ ਪਾਹਵਾ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਕੋਰੋਨਾ ਮਹਾਂਮਾਰੀ ਬਚਨ ਲਈ  ਸੁਰਖਿਅਤ ਢੰਗ  ਤਰੀਕੇ ਅਪਣਾ ਕੇ ਫੈਕਟਰੀਆਂ ਚਾਲੂ ਕਰੀਏ ਤਾਂ ਜੋ ਹਲਾਤ ਨਾਰਮਲ ਹੋਣ ਤੱਕ ਲੋਕਾਂ ਨੂੰ ਰੋਜ਼ਗਾਰ ਦੇ ਸਕੀਏ |ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਵਾਰੋ-ਵਾਰੀ ਦੁਕਾਨਾਂ ਖੋਲਣ ਦੀ ਸੁਰਖਿਅਤ ਨੀਤੀ ਅਪਨਾਈ ਜਾਵੇ ਜਿਸ ਨਾਲ ਨਗਦੀ ਦਾ ਪ੍ਰਵਾਹ ਸ਼ੁਰੂ ਹੋ ਸਕੇ , ਉਨ੍ਹਾਂ ਸੁਝਾਅ ਦਿੱਤਾ ਕਿ ਫੈਕਟਰੀਆਂ ਦੇ ਲੋੜੀਂਦੇ ਸਮਾਨ ਹਾਰਡਵੇਅਰ ਵਗੈਰਾ ਵਾਲੀਆਂ ਦੁਕਾਨਾਂ ਵੀ ਤਰਤੀਬ ਨਾਲ ਖੋਲ੍ਹਣ ਨੀਤੀ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਕੋਰੋਨਾ ਵਾਇਰਸ ਦੇ ਇਲਾਜ਼ ਲਈ ਕੋਈ ਦਵਾਈ ਨਹੀਂ ਆਉਂਦੀ ਉਸ ਵੇਲੇ ਤੱਕ ਸਾਨੂੰ ਸਰਕਾਰ ਵਲੋਂ ਦੱਸੇ ਸੁਰਖਿਅਤ ਢੰਗ ਅਪਣਾ ਕੇ ਰੋਜ਼ਾਨਾ ਦੇ ਕੰਮਾਂ-ਕਾਰਾ ਦਾ ਆਦੀ ਬਣਨਾ ਪਵੇਗਾ | ਉਨ੍ਹਾਂ ਕਿਹਾ ਕਿਰਤ ਕਰੋ – ਸੁਰਖਿਅਤ ਰਹੋ !