ਪੰਜਾਬ ਦੇ ਮੰਤਰੀਆਂ ਨੇ ਕੀਤੀ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ, ਜਾਣੋ ਕੀ ਹੋਵੇਗੀ ਅਗਲੀ ਰਣਨੀਤੀ –
ਕਿਸਾਨ ਅੰਦੋਲਨ, 26 ਦਿਸੰਬਰ 2024
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ’ਤੇ ਚੱਲ ਰਿਹਾ ਮਰਨ ਵਰਤ ਅੱਜ (ਵੀਰਵਾਰ) 31ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਨਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਅਤੇ ਹੁਣ ਉਹ ਗੱਲ ਕਰਨ ਦੇ ਵੀ ਯੋਗ ਨਹੀਂ ਹਨ। ਉਨ੍ਹਾਂ ਨੂੰ ਬੋਲਣ ਵਿੱਚ ਵੀ ਤਕਲੀਫ ਮਹਿਸੂਸ ਹੋ ਰਹੀ ਹੈ। ਉਹ ਇਸ਼ਾਰਿਆਂ ਰਾਹੀਂ ਹੀ ਗੱਲ ਕਰ ਰਹੇ ਹਨ। ਇਸ ਤਹਿਤ ਉਹਨਾਂ ਦੀ ਸਿਹਤ ਨੂੰ ਲੈਕੇ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਉਥੇ ਹੀ ਡਲੇਵਾਲ ਦੀ ਸਿਹਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਬੀਤੇ ਦਿਨੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਵਫਦ ਖਨੌਰੀ ਬਾਰਡਰ ਪਹੁੰਚਿਆ।
ਕਿਸਾਨਾਂ ਦੇ ਮੁੱਦੇ ‘ਤੇ ਗੰਭੀਰ ਸਰਕਾਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਖਨੌਰੀ ਸਰਹੱਦ ਉੱਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਅਮਨ ਅਰੋੜਾ ਨੇ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ, ਪਰ ਨਾਲ ਹੀ ਉਨ੍ਹਾਂ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਸੰਘਰਸ਼ ਲਈ ਗਵਰਨਰ ਸਾਹਬ ਨੂੰ ਮਿਲੇ ਹਨ ਤੇ ਪਾਰਲੀਮੈਂਟ ਵਿੱਚ ਵੀ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਇਕੱਲੇ ਡੱਲੇਵਾਲ ਦੀ ਨਹੀਂ, ਬਲਕਿ ਸਾਰੇ ਕਿਸਾਨਾਂ ਦੀ ਤੇ ਪੂਰੇ ਪੰਜਾਬ ਦੀ ਲੜਾਈ ਹੈ। ਉਨ੍ਹਾਂ ਦੇ ਨਾਲ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ, ਬਲਬੀਰ ਸਿੱਧੂ ਅਤੇ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਰਹੇ।
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਸਾਥੀਆਂ ਮੰਤਰੀਆਂ ਨਾਲ ਜਗਜੀਤ ਡੱਲੇਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਖਨੌਰੀ ਅਤੇ ਸ਼ੰਭੂ ਮੋਰਚੇ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਦੀ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਛੱਡਣ ਦੀ ਅਪੀਲ ਇਸ ਲਈ ਕੀਤੀ ਗਈ ਹੈ ਕਿ ਅੰਦੋਲਨ ਵੀ ਤਦ ਹੀ ਚੱਲੇਗਾ ਜੇਕਰ ਉਹ ਜੀਵਤ ਰਹਿਣਗੇ ਤਾਂ ਕਿਸਾਨ ਅੰਦੋਲਨ ਲਈ ਉਨ੍ਹਾਂ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ।