ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ‘ਚ ਹੋਇਆ ਸੰਗਤ ਦਾ ਇਕੱਠ
ਪੰਜਾਬ ਨਿਊਜ਼,23 ਦਿਸੰਬਰ 2024
ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਜਥੇਦਾਰੀ ਤੋਂ ਲਾਭੇ ਕਰਨ ਤੋਂ ਬਾਅਦ ਪੰਥਕ ਧਿਰਾਂ ਵੰਡੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜ਼ਿਆਦਾਤਰ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਹਨ ਪਰ ਕਈਆਂ ਦਾ ਕਹਿਣਾ ਹੈ ਕਿ ਇਹ ਜੋ ਵੀ ਚੱਲ ਰਿਹਾ ਇਹ ਛੇਤੀ ਤੋਂ ਛੇਤੀ ਖ਼ਤਮ ਹੋਵੇ। ਇਸੇ ਰੱਫੜ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਹੱਕ ਵਿੱਚ ਪੰਥਕ ਇਕੱਠ ਸੱਦਿਆ ਗਿਆ ਸੀ ਜਿਸ ਦੀਆਂ ਤਸਵੀਰਾਂ ਵਲਟੋਹਾ ਨੇ ਸਾਂਝੀਆਂ ਕੀਤੀਆਂ ਹਨ ਤੇ ਸਵਾਲ ਖੜ੍ਹੇ ਕੀਤੇ ਹਨ।
ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਚਾਰ ਦਿਨ ਦੇ ਪ੍ਰਚਾਰ ਤੋਂ ਬਾਅਦ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਸਨਮਾਨ ਵਿੱਚ ਭਾਈ ਮਹਾਂ ਸਿੰਘ ਹਾਲ ਸ਼੍ਰੀ ਮੁਕਤਸਰ ਸਾਹਿਬ ਵਿੱਖੇ ਰੱਖੇ “ਵਿਸ਼ਾਲ” ਇਕੱਠ ਵਿੱਚ 63 ਲੋਕਾਂ ਨੇ ਸ਼ਮੂਲੀਅਤ ਕੀਤੀ ।ਇਸ ਇਕੱਠ ਵਿੱਚ 27 ਦੇ ਕਰੀਬ ਵੱਖ ਵੱਖ ਚੈਨਲਾਂ ਵਾਲੇ ਸੀ।ਮੈਨੂੰ ਰੋਸ ਹੈ ਕਿ ਕੌਮ ਦੀ “ਮਹਾਨ ਸਖਸ਼ੀਅਤ” ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਨਮਾਨ ਵਿੱਚ ਰੱਖੇ ਇਕੱਠ ਵਿੱਚ “100 ਬੰਦਾ” ਵੀ ਸ਼ਾਮਲ ਨਹੀਂ ਹੋਇਆ। ਇਸਤੋਂ ਵੱਧ ਤਾਂ ਮਾਤੜ ਦੇ ਛੁਹਾਰੇ ‘ਤੇ ਇਕੱਠ ਹੋ ਜਾਂਦਾ ਹੈ। ਪ੍ਰਬੰਧਕਾਂ ਨੇ ਵੱਡੇ ਇਕੱਠ ਦੀ ਆਸ ਵਿੱਚ ਵਿਛਾਈ ਵੀ ਵੱਡੇ ਪੱਧਰ ‘ਤੇ ਕੀਤੀ। ਵੱਡੇ ਸਾਊਂਡ ਸਿਸਟਮ ਦਾ ਪ੍ਰਬੰਧ ਵੀ ਕੀਤਾ। ਜਿਸਦੀ ਲੋੜ ਹੀ ਨਹੀਂ ਸੀ ਕਿਉਂਕਿ ਸਾਊਂਡ ਸਿਸਟਮ ਤੋਂ ਬਿਨਾਂ ਵੀ ਸਰ ਸਕਦਾ ਸੀ।
ਵਲਟੋਹਾ ਨੇ ਕਿਹਾ ਕਿ ਇਕੱਠ ਵਿੱਚ ਜਿੰਨੇ ਵੀ ਬੁਲਾਰੇ ਬੋਲੇ ਸਭ ਨੇ ਮੇਰੇ ਤੇ ਅਕਾਲੀ ਦਲ ਤੇ ਅਕਾਲੀ ਲੀਡਰਸ਼ਿਪ ਖਿਲਾਫ ਹੀ ਜਹਿਰ ਉਗਲਿਆ। ਮਨਿੰਦਰ ਸਿੰਘ ਖਾਲਸਾ ਨਾਮ ਦੇ ਬੰਦੇ ਨੇ ਹੱਦਾਂ ਟੱਪਦਿਆਂ ਸੁਖਬੀਰ ਸਿੰਘ ਬਾਦਲ ‘ਤੇ ਚੱਲੀ ਗੋਲੀ ਨੂੰ ਸਹੀ ਠਹਿਰਾਉਂਦਿਆਂ ਏਥੋਂ ਤੱਕ ਕਹਿ ਦਿੱਤਾ ਕਿ ਚੰਗੀ ਗੱਲ ਸੀ ਜੇ ਸੁਖਬੀਰ ਸਿੰਘ ਬਾਦਲ ਦੇ ਗੋਲੀ ਵੱਜ ਜਾਂਦੀ ਤਾਂ ਕੰਮ ਹੀ ਨਿਬੜ ਜਾਣਾ ਸੀ। ਮੁਕਤਸਰ ਸਾਹਿਬ ਤੋਂ ਮਿਲੀ ਜਾਣਕਾਰੀ ਮੁਤਾਬਕ ਮਨਿੰਦਰ ਸਿੰਘ ਖਾਲਸਾ ਦੇ ਪਿਤਾ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਾਂਢੂ ਦੇ ਹੱਕ ਵਿੱਚ ਪੰਚਾਇਤਾਂ ਵਿੱਚ ਜਾਂਦਾ ਸੀ।