ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ਨੇੜੇ ਧਮਾਕਾ, 20 ਲੋਕਾਂ ਦੀ ਮੌਤ, ਕਈ ਜ਼ਖਮੀ
ਪਾਕਿਸਤਾਨ,9 ਨਵੰਬਰ 2024
ਪਾਕਿਸਤਾਨ ਦੇ ਉੱਤਰੀ-ਪੱਛਮੀ ਬਲੋਚਿਸਤਾਨ ਵਿੱਚ ਇੱਕ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਕਵੇਟਾ ਰੇਲਵੇ ਸਟੇਸ਼ਨ ਨੇੜੇ ਹੋਏ ਬੰਬ ਧਮਾਕੇ ‘ਚ 20 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਇਹ ਧਮਾਕਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ‘ਚ ਟ੍ਰੇਨ ਦੇ ਪਲੇਟਫਾਰਮ ‘ਤੇ ਪਹੁੰਚਣ ਤੋਂ ਠੀਕ ਪਹਿਲਾਂ ਹੋਇਆ। ਆਮ ਤੌਰ ‘ਤੇ ਸਟੇਸ਼ਨ ‘ਤੇ ਭੀੜ-ਭੜੱਕੇ ਕਾਰਨ ਵੱਡੀ ਗਿਣਤੀ ਵਿਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ।ਪੁਲਿਸ ਅਤੇ ਬਚਾਅ ਕਰਮਚਾਰੀ ਧਮਾਕੇ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਕਵੇਟਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ ਅਤੇ ਵਾਧੂ ਡਾਕਟਰਾਂ ਅਤੇ ਸਹਾਇਕ ਸਟਾਫ ਨੂੰ ਬੁਲਾਇਆ ਗਿਆ ਹੈ।ਮੌਕੇ ‘ਤੇ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।ਰੇਲਵੇ ਅਧਿਕਾਰੀਆਂ ਮੁਤਾਬਕ ਜਾਫਰ ਐਕਸਪ੍ਰੈਸ ਨੇ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਟ੍ਰੇਨ ਅਜੇ ਪਲੇਟਫਾਰਮ ‘ਤੇ ਨਹੀਂ ਪਹੁੰਚੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ।