ਜਿਲ੍ਹਾ ਪ੍ਰਸਾਸ਼ਨ ਨੇ ਫੈਕਟਰੀ ਵਰਕਰਾਂ ਦੇ ਆਉਣ-ਜਾਣ ਬਾਰੇ ਦਿੱਤੀਆਂ ਹਦਾਇਤਾਂ

ਨਿਊਜ਼ ਪੰਜਾਬ

ਲੁਧਿਆਣਾ, 26 ਅਪ੍ਰੈਲ -ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਉਦਯੋਗਪਤੀਆਂ ਨੂੰ ਸਪਸ਼ਟ ਕੀਤਾ ਕਿ ਉਹ ਨਿਯਮਾਂ ਦੀ ਪਾਲਣਾ ਕਰਕੇ ਫੈਕਟਰੀਆਂ ਚਲਾਉਣ ਜਿਲ੍ਹਾ ਪ੍ਰਸਾਸ਼ਨ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ |
ਸ੍ਰੀ ਅਗਰਵਾਲ ਨੇ ਕਿਹਾ ਕਿ ਕੁਝ ਸਨਅਤਕਾਰਾਂ ਵੱਲੋਂ ਆਪਣੀਆਂ ਸਨਅਤਾਂ ਤਾਂ ਖੋਲ੍ਹੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਸੰਬੰਧੀ ਕੁਝ ਸ਼ੰਕੇ ਹਨ। ਇਹ ਸ਼ੰਕੇ ਟਰਾਂਸਪੋਰਟੇਸ਼ਨ ਸਹੂਲਤ ਮੁਹੱਈਆ ਕਰਾਉਣ ਜਾਂ ਨਾ ਕਰਵਾਉਣ ਬਾਰੇ ਹੈ। ਉਨ੍ਹਾਂ ਕਿਹਾ ਕਿ ਸਨਅਤਾਂ ਕੋਲ ਦੋ ਤਰ੍ਹਾਂ ਦਾ ਸਟਾਫ ਹੁੰਦਾ ਹੈ। ਇੱਕ ਤਾਂ ਪ੍ਰਬੰਧਕੀ ਅਹੁਦਿਆਂ ‘ਤੇ ਹੁੰਦੇ ਹਨ, ਜੋ ਆਮ ਤੌਰ ‘ਤੇ ਚਾਰ ਪਹੀਆ ਵਾਹਨਾਂ ‘ਤੇ ਆਉਂਦੇ ਹਨ, ਜਦ ਕਿ ਦੂਜੇ ਹੁੰਦੇ ਹਨ ਮਜ਼ਦੂਰ, ਜੋ ਬੱਸ, ਸਾਈਕਲ, ਦੁਪੱਹੀਆ ਵਾਹਨ ਰਾਹੀਂ ਪਹੁੰਚਦੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਨਅਤਾਂ ਨੂੰ ਆਪਣੀ ਲੇਬਰ ਜਾਂ ਮਜ਼ਦੂਰਾਂ ਨੂੰ ਟਰਾਂਸਪੋਰਟੇਸ਼ਨ ਸਹੂਲਤ (ਸਿਰਫ਼ 30-40 ਫੀਸਦੀ ਸਮਰੱਥਾ) ਮੁਹੱਈਆ ਕਰਵਾਉਣੀ ਪੈਣੀ ਹੈ ਕਿਉਂਕਿ ਅਜਿਹੇ ਲੋਕਾਂ ਦੀ ਆਵਾਜਾਈ ਵਿਅਕਤੀਗਤ ਤੌਰ ‘ਤੇ ਮਨਾਹੀ ਹੈ। ਲੇਬਰ ਦੀ ਢੋਆ-ਢੁਆਈ ਵੇਲੇ ਸਨਅਤਕਾਰਾਂ ਨੂੰ ਵਾਹਨਾਂ ਵਿੱਚ ਲੇਬਰ ਦੀ ਸਮਾਜਿਕ ਦੂਰੀ ਅਤੇ ਹੋਰ ਹਦਾਇਤਾਂ ਦੀ ਪਾਲਣਾ ਯਕੀਨੀ ਤੌਰ ‘ਤੇ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰਬੰਧਕੀ ਅਹੁਦਿਆਂ ‘ਤੇ ਕੰਮ ਕਰਨ ਵਾਲੇ ਕਰਮਚਾਰੀ ਕਾਰ ਪੂਲਿੰਗ ਕਰ ਸਕਦੇ ਹਨ ਪਰ ਇੱਕ ਚਾਹ ਪਹੀਆ ਵਾਹਨ ਵਿੱਚ 2 ਤੋਂ ਵੱਧ ਲੋਕ ਨਹੀਂ ਸਫ਼ਰ ਕਰਨੇ ਚਾਹੀਦੇ।