ਤਾਮਿਲਨਾਡੂ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ;ਚੇਨਈ ਦੀਆਂ ਸੜਕਾਂ ‘ਤੇ ਪਾਣੀ ਭਰ ਗਿਆ, ਸਕੂਲ ਬੰਦ, ਅਲਰਟ ਜਾਰੀ 

ਤਾਮਿਲਨਾਡੂ,16 ਅਕਤੂਬਰ 2024

ਤਾਮਿਲਨਾਡੂ ਦੇ ਚੇਂਗਲਪੱਟੂ, ਕਾਂਚੀਪੁਰਮ ਅਤੇ ਤਿਰੂਵੱਲੁਰ ਜ਼ਿਲ੍ਹਿਆਂ ਵਿੱਚ ਮੰਗਲਵਾਰ  ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਰਾਜਧਾਨੀ ਚੇਨਈ ਅਤੇ ਆਸਪਾਸ ਦੇ ਇਲਾਕਿਆਂ ‘ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਨੇ ਕਿਹਾ ਕਿ ਰਾਸ਼ਟਰੀ ਆਫਤ ਰਿਸਪਾਂਸ ਫੋਰਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਲੋਕਾਂ ਦੀ ਮਦਦ ਲਈ ਤਿਆਰ ਹਨ।

IMD ਅਨੁਸਾਰ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਦਾ ਖੇਤਰ ਡੂੰਘਾ ਹੋ ਰਿਹਾ ਹੈ, ਜਿਸ ਕਾਰਨ ਚੇਨਈ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਬਾਰਿਸ਼ ਤੋਂ ਬਾਅਦ ਚੇਨਈ ਦੇ ਉੱਤਰੀ ਇਲਾਕਿਆਂ ‘ਚ ਪਾਣੀ ਭਰ ਗਿਆ। ਕਈ  ਥਾਵਾਂ ‘ਤੇ ਲੰਮਾ ਟ੍ਰੈਫਿਕ ਜਾਮ ਰਿਹਾ। ਰਾਜ ਮੌਸਮ ਵਿਗਿਆਨ ਕੇਂਦਰ (ਆਰਐਮਸੀ) ਨੇ ਭਵਿੱਖਬਾਣੀ ਕੀਤੀ ਹੈ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਚੇਨਈ ਅਤੇ ਇਸਦੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਜਾਰੀ ਰਹੇਗਾ।

ਵਿਭਾਗ ਨੇ ਰਾਨੀਪੇਟ, ਤਿਰੂਵੰਨਾਮਲਾਈ, ਵਿੱਲੂਪੁਰਮ, ਵੇਲੋਰ, ਤਿਰੁਪੱਤੂਰ, ਕ੍ਰਿਸ਼ਨਾਗਿਰੀ, ਧਰਮਪੁਰੀ, ਸਲੇਮ, ਕਾਲਾਕੁਰੀਚੀ ਅਤੇ ਕੁੱਡਲੋਰ ਜ਼ਿਲ੍ਹਿਆਂ ਲਈ ਸੰਤਰੀ ਅਤੇ ਪੀਲੇ ਅਲਰਟ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਤਾਮਿਲਨਾਡੂ ਦੇ ਬਾਕੀ ਹਿੱਸਿਆਂ ਤੋਂ ਇਲਾਵਾ ਰਾਜ ਦੇ ਉੱਤਰੀ ਹਿੱਸਿਆਂ ਅਤੇ ਦੱਖਣੀ ਤਾਮਿਲਨਾਡੂ ਦੇ ਕੁਝ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇੱਥੇ ਕਈ ਕੰਪਨੀਆਂ ਨੇ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ।