ਯੂਪੀ ਵਿੱਚ ‘ਲਵ ਜਿਹਾਦ’ ਤੇ ਹੋਰ ਸਖਤੀ ਕਰਨ ਦਾ ਫੈਸਲਾ,ਯੋਗੀ ਸਰਕਾਰ ਨੇ ਵਿਧਾਨ ਸਭਾ ਵਿੱਚ ਪੇਸ਼ ਕੀਤਾ ਬਿੱਲ

30 ਜੁਲਾਈ 2024

ਯੂਪੀ ਦੀ ਯੋਗੀ ਸਰਕਾਰ ਨੇ ਹੁਣ ‘ਲਵ ਜੇਹਾਦ’ ‘ਤੇ ਹੋਰ ਸਖਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਦੇ ਅਪਰਾਧ ਲਈ ਹੁਣ ਉਮਰ ਕੈਦ ਦੀ ਸਜ਼ਾ ਹੋਵੇਗੀ। ਯੋਗੀ ਸਰਕਾਰ ਨੇ ਸੋਮਵਾਰ ਨੂੰ ਸਦਨ ‘ਚ ਇਸ ਨਾਲ ਜੁੜਿਆ ਬਿੱਲ ਪੇਸ਼ ਕੀਤਾ। ਇਸ ਬਿੱਲ ਵਿੱਚ ਕਈ ਅਪਰਾਧਾਂ ਦੀ ਸਜ਼ਾ ਦੁੱਗਣੀ ਕਰ ਦਿੱਤੀ ਗਈ ਹੈ । ਲਵ ਜੇਹਾਦ ਤਹਿਤ ਨਵੇਂ ਅਪਰਾਧ ਵੀ ਸ਼ਾਮਲ ਕੀਤੇ ਗਏ ਹਨ। ਦਰਅਸਲ, ਯੋਗੀ ਸਰਕਾਰ ਨੇ 2020 ਵਿੱਚ ਲਵ ਜੇਹਾਦ ਖ਼ਿਲਾਫ਼ ਪਹਿਲਾ ਕਾਨੂੰਨ ਬਣਾਇਆ ਸੀ ਅਤੇ ਇਸ ਨੂੰ ਹੋਰ ਸਖ਼ਤ ਬਣਾਉਣ ਲਈ ਅੱਜ ਸਦਨ ਵਿੱਚ ਆਰਡੀਨੈਂਸ ਪੇਸ਼ ਕੀਤਾ ਗਿਆ ਹੈ। ਇਸ ਨੂੰ ਸਦਨ ਵਿਚ ਅੱਜ ਯਾਨੀ 30 ਜੁਲਾਈ ਨੂੰ ਪਾਸ ਕੀਤਾ ਜਾ ਸਕਦਾ ਹੈ।

ਯੂਪੀ ਸਰਕਾਰ ਨੇ ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਧਰਮ ਪਰਿਵਰਤਨ ਰੋਕੂ ਬਿੱਲ 2021 ਪਾਸ ਕੀਤਾ ਸੀ।ਇਸ ਬਿੱਲ ਵਿੱਚ 1 ਤੋਂ 10 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਸੀ। ਇਸ ਬਿੱਲ ਦੇ ਤਹਿਤ ਸਿਰਫ ਵਿਆਹ ਲਈ ਕੀਤਾ ਗਿਆ ਧਰਮ ਪਰਿਵਰਤਨ ਅਵੈਧ ਹੋਵੇਗਾ। ਝੂਠ ਬੋਲ ਕੇ ਜਾਂ ਧੋਖਾ ਦੇ ਕੇ ਧਰਮ ਪਰਿਵਰਤਨ ਕਰਨਾ ਅਪਰਾਧ ਮੰਨਿਆ ਜਾਵੇਗਾ। ਸਵੈਇੱਛਤ ਧਰਮ ਪਰਿਵਰਤਨ ਦੇ ਮਾਮਲੇ ਵਿੱਚ, ਮੈਜਿਸਟਰੇਟ ਨੂੰ 2 ਮਹੀਨੇ ਪਹਿਲਾਂ ਸੂਚਿਤ ਕਰਨਾ ਹੋਵੇਗਾ। ਬਿੱਲ ਮੁਤਾਬਕ ਜ਼ਬਰਦਸਤੀ ਜਾਂ ਧੋਖੇ ਨਾਲ ਧਰਮ ਪਰਿਵਰਤਨ ਕਰਵਾਉਣ ‘ਤੇ 1-5 ਸਾਲ ਦੀ ਕੈਦ ਦੇ ਨਾਲ-ਨਾਲ 15,000 ਰੁਪਏ ਦੇ ਜੁਰਮਾਨੇ ਦੀ ਵਿਵਸਥਾ ਸੀ। ਜੇਕਰ ਦਲਿਤਦਲਿਤ ਲੜਕੀ ਨਾਲ ਅਜਿਹਾ ਹੁੰਦਾ ਹੈ ਤਾਂ 25,000 ਰੁਪਏ ਜੁਰਮਾਨੇ ਦੇ ਨਾਲ 3-10 ਸਾਲ ਦੀ ਕੈਦ ਦੀ ਵਿਵਸਥਾ ਸੀ।

ਦੱਸ ਦੇਈਏ ਕਿ ਸੂਬੇ ‘ਚ ਲਵ ਜੇਹਾਦ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ।ਸੀਐਮ ਯੋਗੀ ਨੇ ਕਈ ਵਾਰ ਇਸ ਮਾਮਲੇ ‘ਤੇ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਸੀ ਕਿ ਹਿੰਦੂ ਕੁੜੀਆਂ ਨੂੰ ਝੂਠ ਬੋਲ ਕੇ ਪਿਆਰ ਵਿੱਚ ਫਸਾਉਣ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।