ਪਟਿਆਲਾ ‘ਚ ਘਰ ਦੇ ਬਾਹਰ ਕਾਰ ਖੜ੍ਹੀ ਕਰਨ ਤੋ ਰੋਕਿਆ ਤਾਂ ਗੁਆਂਢੀ ਨੇ ਕੀਤੀ ਇਕ ਔਰਤ ਦੀ ਹੱਤਿਆ,ਧੀ ‘ਤੇ ਵੀ ਜਾਨਲੇਵਾ ਹਮਲਾ

ਪਟਿਆਲਾ,7 ਜੁਲਾਈ 2024

ਪਟਿਆਲਾ ‘ਚ ਇਕ ਘਰ ਦੇ ਸਾਹਮਣੇ ਆਪਣੀ ਕਾਰ ਖੜ੍ਹੀ ਕਰਨ ਤੋਂ ਨਾਰਾਜ਼ ਗੁਆਂਢੀ ਇਕ ਔਰਤ ਨੂੰ ਆਪਣੀ ਕਾਰ ਹੇਠ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਉਕਤ ਔਰਤ ਦੀ ਧੀ ‘ਤੇ ਵੀ ਜਾਨਲੇਵਾ ਹਮਲਾ ਕੀਤਾ ਸੀ। ਹਮਲੇ ਵਿੱਚ ਜ਼ਖ਼ਮੀ ਹੋਈ ਧੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮਿ੍ਤਕ ਦੀ ਧੀ ਦੀ ਸ਼ਿਕਾਇਤ ‘ਤੇ ਕਾਰ ਚਾਲਕ ਖਿਲਾਫ ਕਤਲ ਅਤੇ ਇਰਾਦਾ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਦਰਜ ਕੀਤੇ ਗਏ ਮਾਮਲੇ ਅਨੁਸਾਰ ਏਕਤਾ ਕਾਲੋਨੀ ਦਾ ਰਹਿਣ ਵਾਲਾ ਹਰਜਿੰਦਰ ਸਿੰਘ ਆਪਣੀ ਕਾਰ ਘਰ ਦੇ ਬਾਹਰ ਪਾਰਕ ਕਰਨ ਦੀ ਬਜਾਏ ਥੋੜ੍ਹੀ ਦੂਰੀ ‘ਤੇ ਸਥਿਤ ਜਸਬੀਰ ਕੌਰ ਦੇ ਘਰ ਦੇ ਸਾਹਮਣੇ ਖੜ੍ਹੀ ਕਰਦਾ ਸੀ। ਜਸਬੀਰ ਕੌਰ ਦੀ ਮਾਤਾ ਕਮਲਜੀਤ ਕੌਰ ਨੂੰ ਗੋਡਿਆਂ ਵਿੱਚ ਦਰਦ ਹੋਣ ਅਤੇ ਕਾਰ ਖੜ੍ਹੀ ਹੋਣ ਕਾਰਨ ਇੱਧਰ-ਉੱਧਰ ਆਉਣ-ਜਾਣ ਵਿੱਚ ਮੁਸ਼ਕਲ ਆਉਂਦੀ ਸੀ। ਫਿਰ ਜਦੋਂ ਜਸਬੀਰ ਕੌਰ ਨੇ ਮੁਲਜ਼ਮ ਹਰਜਿੰਦਰ ਨੂੰ ਕਾਰ ਪਾਰਕ ਕਰਨ ਦੀ ਸਮੱਸਿਆ ਦੱਸੀ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਬਿਨਾਂ ਕਿਸੇ ਦੇਰੀ ਦੇ ਕਾਰ ਵਿੱਚ ਰੱਖੀ ਲੋਹੇ ਦੀ ਰਾਡ ਕੱਢ ਕੇ ਜਸਬੀਰ ਕੌਰ ਦੇ ਸਿਰ ਵਿੱਚ ਵਾਰ ਕਰ ਦਿੱਤਾ। ਆਪਣੀ ਧੀ ‘ਤੇ ਹਮਲਾ ਹੁੰਦਾ ਦੇਖ ਕੇ ਕਮਲਜੀਤ ਕੌਰ ਉਸ ਨੂੰ ਬਚਾਉਣ ਲਈ ਆਈ ਅਤੇ ਮੁਲਜ਼ਮ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ ਅਤੇ ਕਾਰ ਉਸ ਉੱਪਰ ਚਾੜ੍ਹ ਦਿੱਤੀ। ਜਦੋਂ ਮੁਲਜ਼ਮ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਕਮਲਜੀਤ ਕੌਰ ਜ਼ਿੰਦਾ ਹੈ ਤਾਂ ਉਸ ਨੇ ਮੁੜ ਕਮਲਜੀਤ ’ਤੇ ਕਾਰ ਚਾੜ੍ਹ ਦਿੱਤੀ। ਦੋਵੇਂ ਜ਼ਖ਼ਮੀ ਔਰਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਕਮਲਜੀਤ ਕੌਰ ਦੀ ਮੌਤ ਹੋ ਗਈ।

ਪੁਲਿਸ ਨੇ ਮ੍ਰਿਤਕਾ ਕਮਲਜੀਤ ਕੌਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਸਸਕਾਰ ਲਈ ਪਰਿਵਾਰ ਹਵਾਲੇ ਕਰ ਦਿੱਤਾ। ਕਮਲਜੀਤ ਕੌਰ ਨੂੰ ਮਾਰਨ ਤੋਂ ਬਾਅਦ ਹਰਜਿੰਦਰ ਸਿੰਘ ਜਸਬੀਰ ਕੌਰ ‘ਤੇ ਜਾਨਲੇਵਾ ਹਮਲਾ ਕਰਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਹਰਜਿੰਦਰ ਸਿੰਘ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਪੁਲਿਸ ਨੇ ਦਸਿਆ ਕਿ ਮੁਲਜ਼ਮ ਹਰਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਹੈ।