ਮੱਕਾ ਵਿੱਚ ਭਿਆਨਕ ਗਰਮੀ ਕਾਰਨ ਹੁਣ ਤੱਕ 1000 ਤੋਂ ਵੱਧ ਹਾਜੀਆਂ ਦੀ ਮੌਤ , 68 ਭਾਰਤੀ ਵੀ ਸ਼ਾਮਲ

20 ਜੂਨ 2024

ਭਾਰਤ ਇਸ ਸਮੇਂ ਰਿਕਾਰਡ ਤੋੜ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਨਾਲ ਹੀ ਸਾਊਦੀ ਅਰਬ ‘ਚ ਵੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਕੜਾਕੇ ਦੀ ਗਰਮੀ ਦੇ ਵਿਚਕਾਰ ਮੱਕਾ ਵਿੱਚ ਹੱਜ ਦੌਰਾਨ 1000 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਜਿਸ ਵਿੱਚ 68 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਸਾਊਦੀ ਅਰਬ ਵਿੱਚ ਹੱਜ ਦੌਰਾਨ ਮਰਨ ਵਾਲਿਆਂ ਦੀ ਗਿਣਤੀ 1,000 ਨੂੰ ਪਾਰ ਕਰ ਗਈ ਹੈ। ਮਰਨ ਵਾਲਿਆਂ ‘ਚ ਜ਼ਿਆਦਾਤਰ ਗੈਰ-ਰਜਿਸਟਰਡ ਸ਼ਰਧਾਲੂ ਹਨ।

ਇਸ ਸਾਲ ਹੱਜ ਯਾਤਰਾ ਦੌਰਾਨ 68 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ।  ਉਨ੍ਹਾਂ ਵਿੱਚੋਂ ਕੁਝ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ, ਜਿਸ ਵਿੱਚ ਬਹੁਤ ਸਾਰੇ ਬਜ਼ੁਰਗ ਸ਼ਰਧਾਲੂ ਵੀ ਸ਼ਾਮਲ ਹਨ।ਮਰਨ ਵਾਲਿਆਂ ਵਿਚ 323 ਮਿਸਰੀ ਅਤੇ 60 ਜਾਰਡਨ ਦੇ ਨਾਗਰਿਕ ਸ਼ਾਮਲ ਹਨ, ਇੰਡੋਨੇਸ਼ੀਆ, ਈਰਾਨ, ਸੇਨੇਗਲ ਅਤੇ ਟਿਊਨੀਸ਼ੀਆ ਸਮੇਤ ਹੋਰ ਦੇਸ਼ਾਂ ਨੇ ਵੀ ਮੌਤਾਂ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਕਈ ਮਾਮਲਿਆਂ ਵਿੱਚ ਅਧਿਕਾਰੀਆਂ ਨੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ।ਪਿਛਲੇ ਸਾਲ 200 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇੰਡੋਨੇਸ਼ੀਆਈ ਸਨ।

ਭਾਰਤੀ ਮੌਤਾਂ ਦੀ ਪੁਸ਼ਟੀ ਕਰਨ ਵਾਲੇ ਡਿਪਲੋਮੈਟ ਨੇ ਕਿਹਾ ਕਿ ਕੁਝ ਭਾਰਤੀ ਸ਼ਰਧਾਲੂ ਵੀ ਲਾਪਤਾ ਹਨ, ਉਸ ਨੇ ਕਿਹਾ, “ਇਹ ਹਰ ਸਾਲ ਹੁੰਦਾ ਹੈ… ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਸਾਲ ਇਹ ਅਸਧਾਰਨ ਤੌਰ ‘ਤੇ ਜ਼ਿਆਦਾ ਹੈ।” ਪਿਛਲੇ ਕਈ ਸਾਲਾਂ ਤੋਂ ਸਾਊਦੀ ਅਰਬ ਵਿੱਚ ਕੜਾਕੇ ਦੀ ਗਰਮੀ ਦੌਰਾਨ ਹੱਜ ਹੋ ਰਿਹਾ ਹੈ।