ਰੂਸ ਅਤੇ ਉੱਤਰੀ ਕੋਰੀਆ ਵਿਚਕਾਰ ਸਮਝੌਤਾ, ਸਮਝੌਤੇ ਤਹਿਤ ਦੋਵੇਂ ਦੇਸ਼ ਜੰਗ ਦੀ ਸਥਿਤੀ ‘ਚ ਇਕ-ਦੂਜੇ ਨੂੰ ਫੌਜੀ ਮਦਦ ਕਰਨਗੇ।
ਉੱਤਰੀ ਕੋਰੀਆ,20 ਜੂਨ 2024
ਸੰਸਾਰ ਪਹਿਲਾਂ ਹੀ ਤਣਾਅ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਹੁਣ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਟਕਰਾਅ ਦਾ ਡਰ ਹੋਰ ਵਧ ਗਿਆ ਹੈ। ਦਰਅਸਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉੱਤਰੀ ਕੋਰੀਆ ਦੇ ਦੌਰੇ ਦੌਰਾਨ ਕਿਮ ਜੋਂਗ ਉਨ ਨਾਲ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਜੰਗ ਦੀ ਸਥਿਤੀ ‘ਚ ਇਕ-ਦੂਜੇ ਨੂੰ ਫੌਰੀ ਫੌਜੀ ਮਦਦ ਪ੍ਰਦਾਨ ਕਰਨਗੇ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ‘ਚ ਹੋਏ ਸਿਖਰ ਸੰਮੇਲਨ ‘ਚ ਦੋਹਾਂ ਦੇਸ਼ਾਂ ਵਿਚਾਲੇ ਇਕ ਵਿਆਪਕ ਰਣਨੀਤਕ ਸਮਝੌਤੇ ‘ਤੇ ਦਸਤਖਤ ਕੀਤੇ ਗਏ।
ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੀ ਧਾਰਾ ਵਿਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਇਕ ਦੇਸ਼ ‘ਤੇ ਹਮਲਾ ਹੁੰਦਾ ਹੈ ਜਾਂ ਯੁੱਧ ਦੀ ਸਥਿਤੀ ਵਿਚ ਹੁੰਦਾ ਹੈ ਤਾਂ ਦੂਜਾ ਦੇਸ਼ ਤੁਰੰਤ ਫੌਜੀ ਅਤੇ ਹੋਰ ਮਦਦ ਪ੍ਰਦਾਨ ਕਰੇਗਾ। ਸ਼ੀਤ ਯੁੱਧ ਦੀ ਸਮਾਪਤੀ ਤੋਂ ਬਾਅਦ ਰੂਸ ਅਤੇ ਉੱਤਰੀ ਕੋਰੀਆ ਵਿਚਾਲੇ ਇਹ ਸਭ ਤੋਂ ਮਹੱਤਵਪੂਰਨ ਸਮਝੌਤਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਸਰਵਉੱਚ ਨੇਤਾ ਕਿਮ ਜੋਂਗ ਉਨ ਨੇ ਸਮਝੌਤੇ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੱਸਿਆ, ਜਿਸ ਵਿੱਚ ਸੁਰੱਖਿਆ, ਵਪਾਰ, ਨਿਵੇਸ਼, ਸੱਭਿਆਚਾਰ ਅਤੇ ਮਾਨਵਤਾਵਾਦੀ ਸਹਾਇਤਾ ਵਰਗੇ ਪਹਿਲੂ ਸ਼ਾਮਲ ਹੋਣਗੇ। ਰੂਸ ਅਤੇ ਉੱਤਰੀ ਕੋਰੀਆ ਵਿਚਾਲੇ ਇਹ ਸਮਝੌਤਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਉੱਤਰੀ ਕੋਰੀਆ ਵੱਲੋਂ ਯੂਕਰੇਨ ਯੁੱਧ ‘ਚ ਰੂਸ ਨੂੰ ਹਥਿਆਰ ਅਤੇ ਗੋਲਾ-ਬਾਰੂਦ ਮੁਹੱਈਆ ਕਰਾਉਣ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਅਮਰੀਕਾ ਨੂੰ ਇਹ ਵੀ ਡਰ ਹੈ ਕਿ ਰੂਸ ਦੀ ਆਰਥਿਕ ਅਤੇ ਤਕਨੀਕੀ ਮਦਦ ਨਾਲ ਉੱਤਰੀ ਕੋਰੀਆ ਆਪਣੇ ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਪ੍ਰੋਗਰਾਮ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ।