ਪੰਜਾਬ ਸਰਕਾਰ ਨੇ ਪਰਮਪਾਲ ਕੌਰ ਦਾ ਅਸਤੀਫਾ ਲੰਬੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਤੋਂ ਬਾਅਦ ਕੀਤਾ ਸਵੀਕਾਰ ।

ਪੰਜਾਬ ਨਿਊਜ਼ ,12 ਮਈ 2024

ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਅਤੇ ਪੰਜਾਬ ਵਿੱਚ ਤਾਇਨਾਤ ਆਈਏਐਸ ਅਧਿਕਾਰੀ ਪਰਮਪਾਲ ਕੌਰ ਦਾ ਅਸਤੀਫ਼ਾ ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਖਿੱਚੋਤਾਣ ਤੋਂ ਬਾਅਦ ਪ੍ਰਵਾਨ ਕਰ ਲਿਆ ਹੈ। ਪਰਮਪਾਲ ਨੇ ਵੀਆਰਐਸ ਦੀ ਪ੍ਰਕਿਰਿਆ ਨੂੰ ਅਪਣਾਇਆ ਸੀ ਤਾਂ ਜੋ ਨੌਕਰੀ ਛੱਡਣ ਤੋਂ ਬਾਅਦ, ਉਹ ਸਾਰੇ ਲਾਭ ਪ੍ਰਾਪਤ ਕਰ ਸਕੇ ਜੋ ਕਿਸੇ ਵੀ ਆਈਏਐਸ ਅਧਿਕਾਰੀ ਨੂੰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸੇਵਾਮੁਕਤ ਹੋਣ ‘ਤੇ ਮਿਲਦਾ ਹੈ। ਪਰ ਹੁਣ ਉਨ੍ਹਾਂ ਨੂੰ ਵੀਆਰਐਸ ਤਹਿਤ ਲਾਭ ਨਹੀਂ ਮਿਲੇਗਾ। ਪਰਮਪਾਲ ਕੌਰ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸਨ। ਜਦੋਂ ਉਨ੍ਹਾਂ ਆਪਣਾ ਅਸਤੀਫਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਸੌਂਪਿਆ ਤਾਂ ਉਨ੍ਹਾਂ ਦਾ ਤੁਰੰਤ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ।

ਇਸ ਤੋਂ ਬਾਅਦ ਪਰਮਪਾਲ ਕੌਰ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਹੋ ਗਈ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ। ਇਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪਰਮਪਾਲ ਕੌਰ ਵਿਚਾਲੇ ਕਾਫੀ ਤਣਾਅ ਚੱਲ ਰਿਹਾ ਸੀ। ਸੀਐਮ ਮਾਨ ਨੇ ਪਰਮਪਾਲ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਉਨ੍ਹਾਂ ਦਾ ਅਸਤੀਫਾ ਅਜੇ ਪ੍ਰਵਾਨ ਨਹੀਂ ਕੀਤਾ ਗਿਆ ਹੈ। ਅਜਿਹੇ ‘ਚ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਖਤਰੇ ‘ਚ ਪੈ ਸਕਦੀ ਹੈ। ਇਸ ਤੋਂ ਬਾਅਦ ਉਨ੍ਹਾਂ ਆਪਣਾ ਅਸਤੀਫਾ ਕੇਂਦਰ ਨੂੰ ਭੇਜਿਆ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ।

ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਉਸ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਡਿਊਟੀ ਜੁਆਇਨ ਕਰਨ ਲਈ ਕਿਹਾ ਸੀ, ਕਿਉਂਕਿ ਉਸ ਨੂੰ ਤਿੰਨ ਮਹੀਨਿਆਂ ਦੇ ਨੋਟਿਸ ਪੀਰੀਅਡ ਤੋਂ ਛੋਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੂੰ ਡਿਊਟੀ ਤੋਂ ਮੁਕਤ ਜਾਂ ਸੇਵਾਮੁਕਤ ਨਹੀਂ ਮੰਨਿਆ ਜਾ ਸਕਦਾ। ਉਸ ਨੂੰ ਡਿਊਟੀ ਜੁਆਇਨ ਨਾ ਕਰਨ ਦੀ ਸੂਰਤ ਵਿੱਚ ਬਣਦੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ। ਇਸ ਦੇ ਜਵਾਬ ਵਿੱਚ ਪਰਮਪਾਲ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੈਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਜੋ ਵੀ ਐਕਸ਼ਨ ਲੈਣਾ ਹੈ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।