ਲੋਕ ਸਭਾ ਚੋਣਾਂ: ਹੁਣ 80 ਦੀ ਬਜਾਏ 85 ਸਾਲ ਤੋਂ ਵੱਧ ਉਮਰ ਦੇ ਵੋਟਰ ਹੀ ਘਰ ਬੈਠੇ ਪਾ ਸਕਣਗੇ
ਨਵੀਂ ਦਿੱਲੀ-17 ਮਾਰਚ 2024
ਲੋਕ ਸਭਾ ਚੋਣਾਂ 2024 ‘ਚ ਹੁਣ ਕੁਝ ਹੀ ਦਿਨਾਂ ਦਾ ਸਮਾਂ ਬਚਿਆ ਹੈ। ਦੇਸ਼ ਭਰ ‘ਚ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਉਥੇ ਹੀ ਇਨ੍ਹਾਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਨਵੇਂ ਦਿਸ਼ਾ-ਨਿਰਦੇਸ਼ ਅਨੁਸਾਰ ਹੁਣ 85 ਸਾਲਾਂ ਤੋਂ ਵੱਧ ਉਮਰ ਦੇ ਲੋਕ ਹੁਣ ਘਰ ਬੈਠੇ ਹੀ ਵੋਟ ਪਾ ਸਕਣਗੇ। ਪੋਸਟਲ ਬੈਲਟ ਰਾਹੀਂ ਹੁਣ 85 ਸਾਲਾਂ ਤੋਂ ਵੱਧ ਉਮਰ ਦੇ ਲੋਕ ਬਿਨਾਂ ਪੋਲਿੰਗ ਬੂਥ ਜਾਏ ਆਪਣੀ ਵੋਟ ਪਾ ਸਕਣਗੇ।
ਜ਼ਿਕਰਯੋਗ ਹੈ ਕਿ ਪਹਿਲਾਂ 80 ਸਾਲਾਂ ਤੋਂ ਵੱਧ ਉਮਰ ਦੇ ਲੋਕ ਇਸ ਸਹੂਲਤ ਦਾ ਫਾਇਦਾ ਚੁੱਕ ਸਕਦੇ ਸਨ ਪਰ ਹੁਣ ਉਮਰ ਨੂੰ ਵਧਾ ਕੇ 85 ਸਾਲ ਕਰ ਦਿੱਤਾ ਗਿਆ ਹੈ। 85 ਸਾਲਾਂ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਪੋਸਟ ਬੈਲਟ ਸਹੂਲਤ ਲਈ ਫਾਰਮ 12ਡੀ ਘਰ ‘ਚ ਮੁਹੱਈਆ ਕਰਵਾਏ ਜਾਣਗੇ।
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਪੂਰੇ ਦੇਸ਼ ਵਿਚ ਪਹਿਲੀ ਵਾਰ ਅਜਿਹਾ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਫਾਰਮ 12ਡੀ ਉਨ੍ਹਾਂ ਵੋਟਰਾਂ ਨੂੰ ਦਿੱਤਾ ਜਾਵੇਗਾ ਜੋ 85 ਸਾਲ ਤੋਂ ਵੱਧ ਉਮਰ ਦੇ ਹਨ ਜਾਂ 40 ਫੀਸਦੀ ਤੋਂ ਵੱਧ ਅਪਾਹਜ ਹਨ। ਜੇਕਰ ਉਹ ਪੋਲਿੰਗ ਸਟੇਸ਼ਨ ਨਹੀਂ ਜਾਣਾ ਚਾਹੁੰਦੇ ਤਾਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੀ ਵੋਟ ਦਰਜ ਕਰਵਾਈ ਜਾਵੇਗੀ।