‘ਦਿੱਲੀ ਚੱਲੋ ਮਾਰਚ’:ਕਿਸਾਨ ਅੱਜ ਸਵੇਰੇ 11ਵਜੇ ਕਰਨਗੇ ਦਿੱਲੀ ਵੱਲ ਕੂਚ, ਪ੍ਰਸਾਸ਼ਨ ਵੱਲੋਂ ਰੋਕਣ ਲਈ ਲਗਾਏ ਗਏ ਨਾਕੇ।

ਕਿਸਾਨ ਅਦੋਲਨ : 21 ਫ਼ਰਵਰੀ 2024

ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਭਾਰੀ ਤਣਾਅ ਦੀ ਸਥਿੱਤੀ ਕਾਰਨ ਟਕਰਾਅ ਦੀ ਸੰਭਾਵਨਾਂ 

ਕੇਂਦਰ ਅਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗ ਵਿਚ ਵੀ ਕੋਈ ਹੱਲ ਨਾ ਨਿਕਲਣ ਬਾਅਦ ਸੰਯੁਕਤ ਕਿਸਾਨ ਮੋਰਚਾ ਵਲੋਂ 21 ਫ਼ਰਵਰੀ ਨੂੰ ਦਿੱਲੀ ਕੂਚ ਦੇ ਕੀਤੇ ਐਲਾਨ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਜ਼ਬਰਦਸਤ ਤਣਾਅ ਦੀ ਸਥਿਤੀ ਹੈ। ਜਿਥੇ ਇਕ ਪਾਸੇ ਹਰਿਆਣਾ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੂਰੇ ਹਥਿਆਰਾਂ ਨਾਲ  ਤਿਆਰ ਖੜੀ ਹੈ,ਉਥੇ ਬਾਰਡਰਾਂ ’ਤੇ ਇਕੱਠੇ ਹੋ ਚੁੱਕੇ ਲੱਖਾਂ ਕਿਸਾਨ ਵੀ 21 ਫ਼ਰਵਰੀ ਸਵੇਰ ਬਾਰਡਰਾਂ ਨੂੰ ਤੋੜ ਕੇ ਅੱਗੇ ਵਧਣ ਲਈ ਤਿਆਰ ਹਨ।

ਪੰਜਾਬ ਦੇ ਰਾਜਪਾਲ ਨੇ ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਉਚ ਪੁਲਿਸ ਅਫ਼ਸਰਾਂ ਦੀ ਸਲਾਹ ਬਾਅਦ ਅਪਣਾ ਅੱਜ ਤੋਂ ਕੀਤਾ ਜਾਣ ਵਾਲਾ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਵੀ ਮੁਲਤਵੀ ਕਰ ਦਿਤਾ। ਸੂਬੇ ਵਿਚ ਕੋਈ ਵੱਡਾ ਸੰਕਟ ਪੈਦਾ ਹੋ ਜਾਣ ’ਤੇ ਵੀ ਰਾਜਪਾਲ ਦੀ ਜ਼ਿੰਮੇਵਾਰੀ ਵੱਧ ਜਾਂਦੀ  ਹੈ ਜਿਸ ਤਰ੍ਹਾਂ ਖ਼ਬਰਾਂ ਬਾਰਡਰਾਂ ’ਤੇ ਜੰਗ ਵਰਗੀ ਸਥਿਤੀ ਹੈ ਅਤੇ ਦੋਵੇਂ ਪਾਸਿਉਂ ਤਿਆਰੀ ਕੀਤੀ ਗਈ ਹੈ, ਉਸ ਤੋਂ ਇਸ ਗੱਲ ਦਾ ਖ਼ਦਸ਼ਾ ਹੈ ਕਿ ਸਿੱਧਾ ਟਕਰਾਅ ਹੋਣ ਬਾਅਦ ਭੀੜ ਦੇ ਹਿੰਸਕ ਹੋਣ ਬਾਅਦ ਵੱਡਾ ਨੁਕਸਾਨ ਹੋ ਸਕਦਾ ਹੈ।

ਇਸ ਸਥਿਤੀ ਦੇ ਮੱਦੇਨਜ਼ਰ ਹੁਣ ਤਕ ਕਿਸਾਨਾਂ ਦੀ ਮਦਦ ਕਰ ਰਹੀ ਪੰਜਾਬ ਪੁਲਿਸ ਨੇ ਵੀ ਬਾਰਡਰਾਂ ਵਾਲੇ ਖੇਤਰਾਂ ਵਿਚ ਨਾਕਾਬੰਦੀਆਂ ਕਰ ਕੇ ਦੰਗਾ ਰੋਕੂ ਦਸਤਿਆਂ  ਨੂੰ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦੇ ਦਿਤੇ ਹਨ। ਇਸ ਸਮੇਂ ਸਥਿਤੀ ਇਹ ਹੈ ਕਿ ਗੱਲਬਾਤ ਟੁਟਣ ਬਾਅਦ ਕਿਸਾਨ ਆਗੂਆਂ ਵਲੋਂ ਦਿੱਲੀ ਕੂਚ ਦੇ ਦਿਤੇ ਸੱਦੇ ਮੁਤਾਬਕ ਹਰ ਪਿੰਡ ਵਿਚੋਂ ਕਿਸਾਨ ਪੂਰੇ ਦੇ ਪੂਰੇ ਪ੍ਰਵਾਰਾਂ  ਸਮੇਤ ਬਾਰਡਰਾਂ ਵਲ ਆ ਰਹੇ ਹਨ। ਜਿਥੇ ਬਾਰਡਰਾਂ ’ਤੇ ਤੈਨਾਤ ਫ਼ੋਰਸ ਕੋਲ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਕਈ ਪਰਤਾਂ ਵਿਚ ਸੀਮਿੰਟ ਤੇ ਹੋਰ ਤਰੀਕਿਆਂ ਨਾਲ ਮਜ਼ਬੂਤ ਬੈਰੀਕੇਡਿੰਗ ਕਈ ਪਰਤਾਂ ਵਿਚ ਕੀਤੀ ਹੋਈ ਹੈ।

ਫ਼ੋਰਸ ਨੇ ਹੁੁਣ ਸਥਿਤੀ ਨੂੰ ਦੇਖਦਿਆਂ ਸਮੁੰਦਰੀ ਡਾਕੂਆਂ ਨਾਲ ਨਿਪਟਣ ਲਈ ਵਰਤੀਆਂ ਜਾਂਦੀਆਂ ਕੰਨ ਬੋਲੇ ਕਰਨ ਵਾਲੀਆਂ ਮਸ਼ੀਨਾਂ ਤਕ ਬਾਰਡਰਾਂ ਉਪਰ ਮੰਗਵਾ ਲਈਆਂ ਹਨ। ਦਰਵਾਜ਼ੇ ਤੋੜਨ ਵਾਲੇ ਗਰਨੇਡਾਂ, ਪੈਲਟਗੰਨਾਂ ਅਤੇ ਭਾਰੀ ਹੰਝੂ ਗੈਸ ਦੀ ਵਰਤੋਂ ਫ਼ੋਰਸ ਲਗਾਤਾਰ ਕਈ ਦਿਨ ਪਹਿਲਾਂ ਹੀ ਕਰ ਚੁੱਕੀ ਹੈ। ਦੂਜੇ ਪਾਸੇ ਹੁਣ ਬੈਰੀਕੋਡ ਤੋੜ ਕੇ ਦਿੱਲੀ ਵਧਣ ਦੇ ਇਰਾਦੇ ਨਾਲ ਕਿਸਾਨ ਵੀ ਬਾਰਡਰਾਂ  ਤਕ ਕਰੇਨਾਂ ਤੇ ਹੋਰ ਸੀਮਿੰਟ ਦੇ ਬੈਰੀਕੋਡ ਤੋੜਨ ਵਾਲਾ ਸਾਜ਼ੋ ਸਾਮਾਨ ਲਿਆ ਚੁੱਕੇ ਹਨ।