ਕੇਂਦਰੀ ਮੰਤਰੀਆ ਅਤੇ ਕਿਸਾਨਾਂ ਵਿਚਾਲੇ ਹੋਈ ਮੀਟਿੰਗ,MSP ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾ ਨੇ ਕੀ ਕਿਹਾ
ਕਿਸਾਨ ਅੰਦੋਲਨ ,19 ਫ਼ਰਵਰੀ 2024
ਕਿਸਾਨਾਂ ਨੇ ਮੰਗਿਆ 2 ਦਿਨ ਦਾ ਸਮਾਂ
ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਐਤਵਾਰ ਨੂੰ ਹੋਈ ਚੌਥੇ ਦੌਰ ਦੀ ਬੈਠਕ ‘ਚ ਕੇਂਦਰੀ ਮੰਤਰੀਆਂ ਨੇ ਮੱਕੀ, ਕਪਾਹ ਅਤੇ ਦਾਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਪ੍ਰਸਤਾਵ ਰੱਖਿਆ। ਇਨ੍ਹਾਂ ਨੂੰ ਪੰਜ ਸਾਲਾਂ ਲਈ ਸਹਿਕਾਰੀ ਸਭਾਵਾਂ ਰਾਹੀਂ ਖਰੀਦਿਆ ਜਵੇਗਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ 5 ਸਾਲ ਦਾ ਇਕਰਾਰਨਾਮਾ NAFED ਅਤੇ NCCF ਨਾਲ ਹੋਵੇਗਾ।
ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਦੀ ਮੀਟਿੰਗ ਐਤਵਾਰ ਸ਼ਾਮ ਸਾਢੇ ਅੱਠ ਵਜੇ ਸ਼ੁਰੂ ਹੋਈ। ਇਹ 5 ਘੰਟੇ ਤੋਂ ਵੱਧ ਸਮਾਂ ਚੱਲੀ। ਮੀਟਿੰਗ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਕੇਂਦਰੀ ਮੰਤਰੀ ਅਰਜੁਨ ਮੁੰਡਾ, ਨਿਤਿਆਨੰਦ ਰਾਏ, ਪਿਊਸ਼ ਗੋਇਲ, ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਸਣੇ ਕਈ ਆਗੂ ਹਾਜ਼ਰ ਸਨ।
ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ 19 ਅਤੇ 20 ਫਰਵਰੀ ਨੂੰ ਸਮੂਹ ਜਥੇਬੰਦੀਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ 20 ਤਰੀਕ ਦੀ ਸ਼ਾਮ ਨੂੰ ਅਸੀਂ ਅਪਣਾ ਫੈਸਲਾ ਸੁਣਾਵਾਂਗੇ। ਦਿੱਲੀ ਕੂਚ ਨੂੰ 21 ਤਰੀਕ ਨੂੰ ਸਵੇਰੇ 11 ਵਜੇ ਤਕ ਸਟੈਂਡਬਾਏ ‘ਤੇ ਰੱਖਿਆ ਗਿਆ ਹੈ। ਦੂਜੇ ਪਾਸੇ ਅੰਦੋਲਨ ਦੇ ਛੇਵੇਂ ਦਿਨ ਸ਼ੰਭੂ ਅਤੇ ਖਨੌਰੀ ਹੱਦ ’ਤੇ ਸ਼ਾਂਤੀ ਬਣੀ ਰਹੀ ਪਰ ਬੀਕੇਯੂ ਉਗਰਾਹਾਂ ਵਲੋਂ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ।
ਕੇਂਦਰੀ ਮੰਤਰੀਆਂ ਨੇ ਕੀ ਕਿਹਾ
ਮੀਟਿੰਗ ਮਗਰੋਂ ਮੰਤਰੀ ਪਿਊਸ਼ ਗੋਇਲ ਨੇ ਕਿਹਾ- ਕਿਸਾਨ ਆਗੂਆਂ ਨੇ ਪੰਜਾਬ ‘ਚ ਪਾਣੀ ਦੇ ਡਿੱਗਦੇ ਪੱਧਰ ਦਾ ਮੁੱਦਾ ਚੁੱਕਿਆ। ਇਸ ‘ਤੇ ਅਸੀਂ ਤਜਵੀਜ਼ ਰੱਖੀ ਕਿ ਜੇਕਰ ਅਰਹਰ, ਤੁਅਰ, ਉੜਦ ਵਰਗੇ ਅਨਾਜ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੇ ਜਾਣ ਤਾਂ ਦੇਸ਼ ‘ਚ ਅਨਾਜ ਦੀ ਦਰਾਮਦ ‘ਚ ਕਮੀ ਆਵੇਗੀ ਅਤੇ ਪਾਣੀ ਦਾ ਪੱਧਰ ਵੀ ਠੀਕ ਹੋ ਜਾਵੇਗਾ।ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਮੱਕੀ ਅਤੇ ਕਪਾਹ ਖਰੀਦਣ ਦੀ ਵੀ ਮੰਗ ਕੀਤੀ ਹੈ। ਇਸ ‘ਤੇ ਵਿਸਤ੍ਰਿਤ ਵਿਚਾਰ ਵਟਾਂਦਰੇ ਤੋਂ ਬਾਅਦ, ਅਸੀਂ ਫੈਸਲਾ ਕੀਤਾ ਹੈ ਕਿ NCCF ਅਤੇ NAFED ਘੱਟੋ-ਘੱਟ ਸਮਰਥਨ ਮੁੱਲ ‘ਤੇ ਕਿਸਾਨਾਂ ਦੀਆਂ ਫਸਲਾਂ ਖਰੀਦਣਗੇ। ਇਹ ਇਕਰਾਰਨਾਮਾ 5 ਸਾਲਾਂ ਲਈ ਚੱਲੇਗਾ। ਇਸ ਦੇ ਲਈ ਇਕ ਪੋਰਟਲ ਵੀ ਬਣਾਇਆ ਜਾਵੇਗਾ। ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ।
ਇਸ ਤੋਂ ਇਲਾਵਾ ਗੋਇਲ ਨੇ ਕਿਹਾ ਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਕਪਾਹ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ 5 ਸਾਲਾਂ ਦਾ ਸਮਝੌਤਾ ਵੀ ਕਰੇਗੀ। ਇਹ ਸੰਸਥਾ ਘੱਟੋ ਘੱਟ ਸਮਰਥਨ ਮੁੱਲ ‘ਤੇ ਕਪਾਹ ਦੀ ਖਰੀਦ ਕਰੇਗੀ। ਕਿਸਾਨਾਂ ਨੇ ਕਿਹਾ ਕਿ ਉਹ ਸਾਡੀ ਤਜਵੀਜ਼ ਨੂੰ ਹੋਰ ਕਿਸਾਨਾਂ ਨਾਲ ਵਿਚਾਰਨਗੇ। ਅਸੀਂ ਦਿੱਲੀ ਜਾ ਕੇ NCCF ਅਤੇ NAFED ਨਾਲ ਵੀ ਇਸ ਬਾਰੇ ਚਰਚਾ ਕਰਾਂਗੇ।
ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਗੱਲਬਾਤ 5 ਘੰਟੇ ਤਕ ਚੱਲੀ। ਮੈਂ ਪੰਜਾਬ ਦੀ ਬਿਹਤਰੀ ਲਈ ਗੱਲ ਕੀਤੀ। ਅਸੀਂ ਦਾਲਾਂ ਦੀ ਖਰੀਦ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ‘ਤੇ ਸਵਾਲ ਉਠਾਇਆ ਸੀ ਅਤੇ ਸਾਰੀ ਚਰਚਾ ਇਸ ਬਾਰੇ ਸੀ। ਇਸ ਤੋਂ ਇਲਾਵਾ ਮਾਨ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।
ਕਿਸਾਨ ਆਗੂਆਂ ਨੇ ਕੀ ਕਿਹਾ
ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਵਲੋਂ ਐਮ.ਐਸ.ਪੀ. ਨੂੰ ਲੈ ਕੇ ਇਕ ਪ੍ਰਸਤਾਵ ਆਇਆ ਹੈ। ਉਸ ਵਿਚ ਕਿਹਾ ਗਿਆ ਹੈ ਕਿ ਦਾਲਾਂ, ਮੱਕੀ ਤੇ ਕਪਾਹ ਨੂੰ ਕੇਂਦਰ ਦੀਆਂ 2 ਏਜੰਸੀਆਂ ਵਲੋਂ ਐਮ.ਐਸ.ਪੀ. ‘ਤੇ ਖਰੀਦਿਆ ਜਾਵੇਗਾ। ਉਨ੍ਹਾਂ ਏਜੰਸੀਆਂ ਵਲੋਂ ਸਾਡੇ ਨਾਲ ਲਿਖਤੀ ਸਮਝੌਤਾ ਹੋਵੇਗਾ। ਇਸ ‘ਤੇ ਅਸੀਂ ਵਿਚਾਰ ਕਰਾਂਗੇ । ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਜੇ ਕਰਜ਼ ਮੁਕਤੀ, ਸਵਾਮੀਨਾਥਨ ਜੀ ਦੇ ਫ਼ਾਰਮੂਲੇ ਉੱਪਰ, ਗੰਨੇ ਦੀ ਐਮ.ਐਸ.ਪੀ. ਤੇ ਹੋਰ ਮੰਗਾਂ ਸਬੰਧੀ ਗੱਲਬਾਤ ਕਰ ਕੇ ਸਿੱਟਾ ਕੱਢਣਾ ਬਾਕੀ ਹੈ। ਬਾਕੀ ਫ਼ਸਲਾਂ ‘ਤੇ ਐਮ.ਐਸ.ਪੀ. ਬਾਰੇ ਉਕਤ ਪ੍ਰਸਤਾਵ ਆਇਆ ਹੈ। ਇਸ ਪ੍ਰਸਤਾਵ ‘ਤੇ ਅਸੀਂ ਅਪਣੇ ਸਾਥੀਆਂ ਨਾਲ ਚਰਚਾ ਕਰਾਂਗੇ ਤੇ ਫਿਰ ਫ਼ੈਸਲਾ ਕਰਾਂਗੇ। ਇਸ ਮਗਰੋਂ ਅਸੀਂ ਸਾਰੇ ਸਾਥੀਆਂ ਤੇ ਮਾਹਿਰਾਂ ਨਾਲ ਗੱਲ ਕਰ ਕੇ ਕੱਲ੍ਹ ਜਾਂ ਪਰਸੋਂ ਅਪਣਾ ਫ਼ੈਸਲਾ ਦੱਸਾਂਗੇ। ਉਨ੍ਹਾਂ ਕਿਹਾ ਕਿ 21 ਤਰੀਕ ਨੂੰ 11 ਵਜੇ ਦਿੱਲੀ ਜਾਣ ਦਾ ਪ੍ਰੋਗਰਾਮ ਕਾਇਮ ਹੈ। ਜੇ ਸਾਡੀ ਸਹਿਮਤੀ ਨਾ ਬਣੀ ਤਾਂ ਅਸੀਂ ਸਰਕਾਰ ਨੂੰ ਮੰਗ ਕਰਾਂਗੇ ਕਿ ਸਾਨੂੰ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾਣ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਮੰਗਾਂ ‘ਤੇ ਗੱਲਬਾਤ ਕਰਨੀ ਬਾਕੀ ਹੈ। 19 ਤੇ 20 ਫ਼ਰਵਰੀ ਨੂੰ ਇਸ ਸੱਭ ਬਾਰੇ ਵਿਚਾਰ ਕਰਾਂਗੇ। ਨਹੀਂ ਤਾਂ 21 ਫ਼ਰਵਰੀ ਨੂੰ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਹੈ।