ਬੁਖਾਰ, ਰਾਤ ਨੂੰ ਪਸੀਨਾ, ਦੋ ਹਫ਼ਤੇ ਤੋਂ ਜਿਆਦਾ ਖਾਂਸੀ ਹੋਣ ਤੇ ਤੁਰੰਤ ਕਰਵਾਓ ਟੀ.ਬੀ. ਟੈਸਟ  – ਡਿਪਟੀ ਕਮਿਸ਼ਨਰ ਮੋਗਾ ਨੇ ਕਿਹਾ ਦੇਰੀ ਨਾਲ ਟੈਸਟ ਜਾਂ ਅਧੂਰਾ ਇਲਾਜ ਟੀ.ਬੀ. ਦੇ ਖਾਤਮੇ ਵਿੱਚ ਬਣਦੈ ਅੜਿੱਕਾ

ਨਿਊਜ਼ ਪੰਜਾਬ
ਮੋਗਾ, 13 ਮਾਰਚ: ਸਾਲ 2025 ਤੱਕ ਟੀ.ਬੀ. ਦਾ ਖਾਤਮਾ ਕਰਨ ਲਈ ਸਿਹਤ ਵਿਭਾਗ ਯਤਨਸ਼ੀਲ ਹੈ। ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ। ਟੀ.ਬੀ. ਦੀ ਬਿਮਾਰੀ ਪ੍ਰਤੀ ਆਮ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਵਹਿਮ ਭਰਮ ਜਾਂ ਸੁਆਲ ਹਨ ਜਿਹਨਾਂ ਕਰਕੇ ਵਿਅਕਤੀ ਛੇਤੀ ਟੀ.ਬੀ. ਦੀ ਬਿਮਾਰੀ ਦਾ ਟੈਸਟ ਨਹੀਂ ਕਰਵਾਉਂਦਾ ਜਾਂ ਫਿਰ ਇਸਤੋਂ ਗ੍ਰਸਤ ਹੋਇਆ ਵਿਅਕਤੀ ਇਸਨੂੰ ਠੀਕ ਹੋਣ ਲਈ ਜਿੰਨਾਂ ਸਮਾਂ ਦਵਾਈ ਦੀ ਜਰੂਰਤ ਹੁੰਦੀ ਹੈ ਉਨਾਂ ਸਮਾਂ ਦਵਾਈ ਦਾ ਸੇਵਨ ਨਹੀਂ ਕਰਦਾ ਜਿਸ ਕਰਕੇ ਮਰੀਜ਼ ਨੂੰ ਸਿਹਤ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਗ੍ਰਸਤ ਹੋਏ ਵਿਅਕਤੀਆਂ ਨੂੰ ਨਿਯਮਤ ਇਲਾਜ ਕਰਵਾਉਣ ਦੀ ਸਖਤ ਜਰੂਰਤ ਹੁੰਦੀ ਹੈ ਇਸ ਦਾ ਅਧੂਰਾ ਇਲਾਜ ਇਸ ਬਿਮਾਰੀ ਵਿੱਚ ਹੋਰ ਵਾਧੇ ਦਾ ਕਾਰਣ ਬਣਦਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਐਨ.ਈ.ਟੀ.ਪੀ. ਅਧੀਨ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ. ਦੀ ਬਿਮਾਰੀ ਦੇ ਨਿਰੀਖਣ ਦੀਆਂ ਸਹੂਲਤਾਂ ਜਿਵੇਂ ਕਿ ਬਲਗਮ ਦੀ ਜਾਂਚ ਅਤੇ ਛਾਤੀ ਦਾ ਐਕਸ-ਰੇ ਮੁਫ਼ਤ ਵਿੱਚ ਉਪਲੱਬਧ ਹਨ।

ਟੀ.ਬੀ. ਦੀ ਵਧੇਰੇ ਅਤੇ ਜਲਦੀ ਜਾਂਚ ਲਈ ਸਾਰੇ ਜ਼ਿਲ੍ਹਿਆਂ ਵਿੱਚ ਸੀ.ਬੀ. ਨੈੱਟ ਅਤੇ ਟਰੂ-ਨੈਟ ਮਸ਼ੀਨਾਂ ਲਗਾਈਆਂ ਗਈਆਂ ਹਨ। ਟੀ.ਬੀ. ਦਾ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹੈ। ਸਰਕਾਰ ਵੱਲੋਂ ਟੀ.ਬੀ. ਦੇ ਮਰੀਜ਼ਾਂ ਨੂੰ ਇਲਾਜ਼ ਦੌਰਾਨ ਨਿਕਸ਼ੈ ਪੋਸ਼ਣ ਯੋਜਨਾ ਅਧੀਨ 500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਗੌਰਵਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਕਿਸੇ ਵੀ ਹਾਲਤ ਵਿੱਚ ਡਾਟਸ ਦਾ ਕੋਰਸ ਅੱਧਾ ਨਾ ਛੱਡੋ ਕਿਉਂਕਿ ਅਜਿਹਾ ਕਰਨ ਨਾਲ ਟੀ.ਬੀ. ਦਾ ਇਲਾਜ ਕਰਨਾ ਔਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿਾ ਬੁਖਾਰ, ਰਾਤ ਨੂੰ ਪਸੀਨਾ ਆਉਣਾ, ਵਜ਼ਨ ਘਟਣਾ, ਦੋ ਹਫ਼ਤੇ ਤੋਂ ਜਿਆਦਾ ਖਾਂਸੀ, ਭੁੱਖ ਨਾ ਲੱਗਣਾ ਆਦਿ ਟੀ.ਬੀ. ਦੇ ਲੱਛਣ ਹਨ, ਜੇਕਰ ਕਿਸੇ ਵੀ ਵਿਅਕਤੀ ਨੂੰ ਇਹ ਲੱਛਣ ਮਹਿਸੂਸ ਹੁੰਦੇ ਹਨ ਤਾਂ ਤਰੁੰਤ ਡਾਕਟਰ ਦੀ ਸਲਾਹ ਲੈਣੀ ਜਰੂਰੀ ਹੈ। ਸਰਕਾਰ ਵੱਲੋਂ 104 ਟੋਲ ਫ੍ਰੀ ਨੰਬਰ ਵੀ ਇਸ ਸਬੰਧੀ ਮੁਫ਼ਤ ਮੈਡੀਕਲ ਸਹਾਇਤਾ ਦੇਣ ਲਈ ਜਾਰੀ ਕੀਤਾ ਹੋਇਆ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਮੋਗਾ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਟੀ.ਬੀ. ਇਲੀਮੀਨੇਸ਼ਨ ਪ੍ਰੋਗਰਾਮ ਤਹਿਤ ਜਾਗਰੂਕਤਾ ਗਤੀਵਿਧੀਆਂ ਜੰਗੀ ਪੱਧਰ ਉੱਪਰ ਜਾਰੀ ਰੱਖੀਆਂ ਹੋਈਆਂ ਹਨ ਤਾਂ ਕਿ ਆਮ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਸਕੇ।