ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਛੋਟਾ ਉਦਯੋਗ – ਐੱਮ.ਐੱਸ.ਐੱਮ.ਈ.ਸੈਕਟਰ ਨੂੰ 4 ਰੁਪਏ ਪ੍ਰਤੀ ਯੂਨਿਟ ਬਿਜਲੀ
ਨਿਊਜ਼ ਪੰਜਾਬ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਲੁਧਿਆਣਾ ਦੇ ਇਤਿਹਾਸਕ ਦਰਾਸੀ ਮੈਦਾਨ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਸਨਅਤੀ ਸ਼ਹਿਰ ਵਿੱਚ ਪੰਜਾਬ ਦੇ ਉਦਯੋਗਾਂ ਬਾਰੇ ਉਨ੍ਹਾਂ ਨੇ ਵੱਡਾ ਐਲਾਨ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਲੁਧਿਆਣਾ ਦੇ ਸਾਇਕਲ ਉਦਯੋਗ ਦਾ ਝੰਡਾ ਸਾਰੀ ਦੁਨੀਆ ਵਿੱਚ ਝੁਲੇਗਾ । ਇਸ ਦੇ ਨਾਲ ਹੀ ਮਾਈਕਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਿਜ਼ (ਐੱਮ.ਐੱਸ.ਐੱਮ.ਈ.) ਸੈਕਟਰ ਨੂੰ 4 ਰੁਪਏ ਵਿੱਚ ਬਿਜਲੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ 5 ਰੁਪਏ ‘ਚ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ 50,000 ਰੁਪਏ ਤੱਕ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਜਿਹੜੇ ਉਦਯੋਗ ਬਾਹਰ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਤੁਸੀਂ ਲੋਕ ਪੰਜਾਬ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣਾਓਗੇ ਤਾਂ ਪੰਜ ਸਾਲਾਂ ਵਿੱਚ ਪੰਜਾਬ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਤ ਸਾਰੇ ਗੁਰੂਆਂ ਨੂੰ ਪ੍ਰਣਾਮ ਕਰਕੇ ਕੀਤੀ। ਇਸ ਤੋਂ ਬਾਅਦ ਉਨ੍ਹਾਂ ਉਥੇ ਮੌਜੂਦ ਲੁਧਿਆਣਾ ਦੇ ਸਾਰੇ ਉਮੀਦਵਾਰਾਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਪੇਸ਼ ਕੀਤਾ। ਉਪਰੰਤ ਸਾਰਾ ਦਰਾਸੀ ਗਰਾਊਂਡ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।