ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 91 ਫੀਸਦੀ ਤੋਂ ਵੱਧ ਲਾਇਸੈਂਸੀ ਹਥਿਆਰ ਜਮਾਂ ਕਰਵਾਏ
ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ’ਚ 3,54,075 ਲਾਇਸੰਸਸ਼ੁਦਾ ਹਥਿਆਰ ਜਮਾਂ ਕਰਵਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਨਿਗਰਾਨ ਟੀਮਾਂ ਨੇ 2 ਕਰੋੜ ਰੁਪਏ ਦੀ ਕੀਮਤ ਵਾਲੀ 6.60 ਲੱਖ ਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰਾਂ ਇਨਫੋਰਸਮੈਂਟ ਵਿੰਗਾਂ ਨੇ 44.49 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ 16 ਲੱਖ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1088 ਵੱਧ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2376 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 1129 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਅਤੇ ਬਾਕੀਆਂ ਵਿਰੁੱਧ ਵੀ ਜਲਦ ਕਾਰਾਵਈ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 725 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।