ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ
ਨਿਊਜ਼ ਪੰਜਾਬ
ਚੰਡੀਗੜ੍ਹ, 15 ਦਸੰਬਰ:
ਪੰਜਾਬ ਦੇ ਆਬਕਾਰੀ ਵਿਭਾਗ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਿਨਾਂ ਹੋਲੋਗ੍ਰਾਮ ਤੋਂ ਤਸਕਰੀ ਵਾਲੀ ਇੰਪੋਰਟੇਡ ਸਕਾਚ ਵੇਚਣ ਵਾਲੇ ਇੱਕ ਸੰਗਠਿਤ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ 2150 ਡੱਬੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਕਮਿਸ਼ਨਰ, ਪੰਜਾਬ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਬਿਨ੍ਹਾ ਡਿਊਟੀ ਭੁਗਤਾਨ ਵਾਲੀ ਸ਼ਰਾਬ ਦੀ ਤਸਕਰੀ ਕਰਨ ਅਤੇ ਵੇਚਣ ਵਾਲੇ ਵਿਅਕਤੀਆਂ ‘ਤੇ ਸ਼ਿਕੰਜਾ ਕੱਸਿਆ ਹੈ। ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਆਬਕਾਰੀ ਡਿਊਟੀ ਅਤੇ ਟੈਕਸ ਦੀ ਉਲੰਘਣਾ ਕਰਦੇ ਹੋਏ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਸਕਰੀ ਅਤੇ ਬਿਨਾਂ ਡਿਊਟੀ ਭੁਗਤਾਨ ਵਾਲੀ ਮਹਿੰਗੀ ਇੰਪੋਰਟੇਡ ਬ੍ਰਾਂਡ ਦੀ ਸਕਾਚ ਅਤੇ ਇੰਪੋਰਟਡ ਬੀਅਰ ਵੇਚਣ ਦਾ ਧੰਦਾ ਕਰਦੇ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ।
ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਟੀਮ ਹਰਕਤ ‘ਚ ਆਈ ਅਤੇ ਇਸ ਕਾਰੋਬਾਰ ‘ਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਰੇਕੀ ਕੀਤੀ। ਇਹ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਅੰਮ੍ਰਿਤਸਰ ਵਿੱਚ ਦੋ ਗੈਰ-ਕਾਨੂੰਨੀ ਗੋਦਾਮ ਬਣਾਏ ਹੋਏ ਹਨ, ਜਿੱਥੇ ਵੱਡੀ ਮਾਤਰਾ ਵਿੱਚ ਮਹਿੰਗੀ ਇੰਪੋਰਟੇਡ ਸ਼ਰਾਬ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਜਾਂਦੀ ਹੈ ਅਤੇ ਮੁਲਜ਼ਮ ਅੰਮ੍ਰਿਤਸਰ ਵਿੱਚ ਕੁਝ ਗਰੁੱਪਾਂ ਵਿੱਚ ਸ਼ਰਾਬ ਦਾ ਕਾਰੋਬਾਰ ਕਰਦੇ ਹਨ।
9/10 ਦਸੰਬਰ, 2021 ਦੀ ਵਿਚਕਾਰਲੀ ਰਾਤ ਨੂੰ ਟੀਮਾਂ ਨੇ ਦੋ ਗੈਰ-ਕਾਨੂੰਨੀ ਗੋਦਾਮਾਂ ਦੇ ਟਿਕਾਣੇ ਦੀ ਪਛਾਣ ਕੀਤੀ ਜਿਨ੍ਹਾਂ ‘ਤੇ ਛਾਪੇਮਾਰੀ ਕੀਤੀ ਗਈ।
1. ਦਾਣਾ ਮੰਡੀ ਰੋਡ, ਭਗਤਾਂਵਾਲਾ ਵਿਖੇ ਸਥਿਤ ਗੋਦਾਮ ‘ਤੇ ਛਾਪਾ ਮਾਰਿਆ ਗਿਆ ਅਤੇ ਲਗਭਗ 1397 ਡੱਬੇ ਆਈਐਮਐਫਐਲ, ਸਕਾਚਸ ਅਤੇ ਇੰਪੋਰਟੇਡ ਬੀਅਰ ਬਰਾਮਦ ਕੀਤੀ ਗਈ।
2. ਬੀ.ਬੀ. ਐਨਕਲੇਵ ਨੇੜੇ ਖੈਰਾਬਾਦ ਰੋਡ ‘ਤੇ ਸਥਿਤ ਗੋਦਾਮ ‘ਤੇ ਛਾਪਾ ਮਾਰਿਆ ਗਿਆ ਅਤੇ 760 ਡੱਬੇ ਆਈਐਮਐਫਐਲ, ਸਕਾਚਸ ਅਤੇ ਇੰਪੋਰਟਡ ਬੀਅਰ ਬਰਾਮਦ ਕੀਤੀ ਗਈ।
ਛਾਪੇਮਾਰੀ ਦੌਰਾਨ ਬਿਨਾਂ ਹੋਲੋਗ੍ਰਾਮ ਤੋਂ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਹੋਈ। ਇਹਨਾਂ ਗੋਦਾਮਾਂ ਤੋਂ ਚੰਡੀਗੜ੍ਹ ਦੇ ਹੋਲੋਗ੍ਰਾਮ ਵਾਲੀ ਚੰਡੀਗੜ੍ਹ ਤੋਂ ਤਸਕਰ ਕੀਤੀ ਸ਼ਰਾਬ ਵੀ ਬਰਾਮਦ ਹੋਈ ਹੈ। ਕੁਝ ਮਾਮਲਿਆਂ ਵਿੱਚ ਚੰਡੀਗੜ੍ਹ ਦੇ ਹੋਲੋਗ੍ਰਾਮ ਉੱਤੇ ਪੰਜਾਬ ਰਾਜ ਦੇ ਹੋਲੋਗ੍ਰਾਮ ਚਿਪਕਾਏ ਹੋਏ ਪਾਏ ਗਏ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਚੰਡੀਗੜ੍ਹ ਤੋਂ ਸ਼ਰਾਬ ਦੀ ਤਸਕਰੀ ਵੀ ਕਰਦੇ ਸਨ ਅਤੇ ਪੰਜਾਬ ਰਾਜ ਦੀ ਡਿਊਟੀ ਅਦਾ ਕੀਤੀ ਸ਼ਰਾਬ ਵਰਗਾ ਦਿਖਣ ਲਈ ਇਸ ਉੱਤੇ ਪੰਜਾਬ ਦਾ ਹੋਲੋਗ੍ਰਾਮ ਚਿਪਕਾਉਣ ਦੀ ਕੋਸ਼ਿਸ਼ ਕਰਦੇ ਸਨ। ਇਹ ਸ਼ਰਾਬ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਨੈੱਟਵਰਕ ਰਾਹੀਂ ਜਾਂ ਮੈਰਿਜ ਪੈਲੇਸਾਂ ਅਤੇ ਬਾਰਾਂ ਨੂੰ ਵੇਚੀ ਜਾ ਰਹੀ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੁੰਦਾ ਸੀ। ਗੋਦਾਮਾਂ ਦਾ ਜਾਇਜ਼ਾ ਲੈਣ ਲਈ ਹੋਰਨਾਂ ਜ਼ਿਲ੍ਹਿਆਂ ਤੋਂ ਕਈ ਟੀਮਾਂ ਬੁਲਾਈਆਂ ਗਈਆਂ ਅਤੇ ਟੀਮਾਂ ਵੱਲੋਂ ਬਰਾਮਦ ਸਟਾਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਦੋਵਾਂ ਗੋਦਾਮਾਂ ‘ਤੇ ਦਿਨ ਭਰ ਦੀ ਚੈਕਿੰਗ ਅਤੇ ਸਟਾਕ ਦੀ ਪੜਤਾਲ ਤੋਂ ਬਾਅਦ ਐਫ.ਆਈ.ਆਰ. 284 ਮਿਤੀ 11/12/21 ਨੂੰ ਥਾਣਾ ਗੇਟ ਹਕੀਮਾ, ਪੁਲਿਸ ਕਮਿਸ਼ਨਰੇਟ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਅਤੇ ਇੱਕ ਹੋਰ ਐਫ.ਆਈ.ਆਰ ਨੰਬਰ 267 ਮਿਤੀ 11/12/21 ਨੂੰ ਥਾਣਾ ਕੰਬੋਜ, ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ।
10 ਦਸੰਬਰ, 2021 ਨੂੰ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਗੈਰ-ਕਾਨੂੰਨੀ ਗੋਦਾਮਾਂ ਦੇ ਨੇੜਲੇ ਖੇਤਰਾਂ ਵਿੱਚ ਬਾਰਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਤਿੰਨ ਬਾਰਾਂ ਦੇ ਨਾਂ ਕਲੱਬ ਹਾਊਸ ਐਲ4, ਐਲ5 ਏਅਰਪੋਰਟ ਰੋਡ ਅੰਮ੍ਰਿਤਸਰ, ਐਲਗਿਨ ਕੈਫੇ ਐਲ4, ਐਲ5 ਏਅਰਪੋਰਟ ਰੋਡ ਅੰਮ੍ਰਿਤਸਰ ਅਤੇ ਬੋਨ ਅੱਡਾ ਐਲ4, ਐਲ5 ਏਅਰਪੋਰਟ ਰੋਡ ਅੰਮ੍ਰਿਤਸਰ ਹਨ।
ਇਹਨਾਂ ਬਾਰਾਂ ਵਿੱਚੋਂ ਇੰਪੋਰਟਡ ਸ਼ਰਾਬ ਦਾ ਸਟਾਕ ਬਰਾਮਦ ਕੀਤਾ ਗਿਆ। ਬਾਰਾਂ ਵਿਚ ਕੁਝ ਸਟਾਕ ਹੋਲੋਗ੍ਰਾਮ ਤੋਂ ਬਿਨਾਂ ਸੀ ਅਤੇ ਇਕ ਬਾਰ ਵਿਚ ਚੰਡੀਗੜ੍ਹ ਤੋਂ ਤਸਕਰੀ ਕੀਤੀ ਸ਼ਰਾਬ ਦਾ ਕੁਝ ਸਟਾਕ ਵੀ ਮਿਲਿਆ।
ਇਹਨਾਂ ਤਿੰਨੋਂ ਬਾਰਾਂ ਖ਼ਿਲਾਫ਼ ਥਾਣਾ ਏਅਰਪੋਰਟ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਨੰ: 43, 44, 45 ਮਿਤੀ 11/12/21 ਤਹਿਤ ਪੰਜਾਬ ਆਬਕਾਰੀ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਆਬਕਾਰੀ ਵਿਭਾਗ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੇ ਸਬੰਧ ਵਿੱਚ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਜਾਰੀ ਰੱਖੇਗਾ। ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਤਸਕਰੀ ਕੀਤੀ ਸ਼ਰਾਬ ਦੇ ਮੁੱਖ ਸਪਲਾਇਰਾਂ ਅਤੇ ਪ੍ਰਾਪਤਕਰਤਾ ਦਾ ਪਤਾ ਲਗਾਉਣ ਲਈ ਸੰਪਰਕਾਂ ਦੀ ਪੂਰੀ ਲੜੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਬਕਾਰੀ ਵਿਭਾਗ ਆਪਰੇਸ਼ਨ ਰੈੱਡ ਰੋਜ਼ ਤਹਿਤ ਪੁਲਿਸ ਨਾਲ ਨੇੜਿਓਂ ਤਾਲਮੇਲ ਕਰਕੇ ਕੰਮ ਕਰ ਰਿਹਾ ਹੈ। ਆਪ੍ਰੇਸ਼ਨ ਰੈੱਡ ਰੋਜ਼ ਤਹਿਤ 17.5.2020 ਤੋਂ 11.12.2021 ਤੱਕ 19784 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ 19689 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 332693 ਲੀਟਰ ਨਜਾਇਜ਼ ਸ਼ਰਾਬ, 868517 ਲੀਟਰ ਨਜਾਇਜ਼ ਸ਼ਰਾਬ, 2170883 ਕਿੱਲੋ ਲਾਹਣ ਬਰਾਮਦ ਕੀਤਾ ਗਿਆ ਅਤੇ 900 ਚਾਲੂ ਭੱਠੀਆਂ ਦਾ ਪਤਾ ਲਗਾਇਆ ਗਿਆ। ਆਬਕਾਰੀ ਅਤੇ ਕਰ ਵਿਭਾਗ ਵੱਲੋਂ ਪਹਿਲਾਂ ਹੀ ਜਾਗਰੂਕ ਨਾਗਰਿਕਾਂ ਤੋਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਟੋਲ ਫਰੀ ਨੰ. +91 98759 61126 ਸ਼ੁਰੂ ਕੀਤਾ ਗਿਆ ਹੈ। ਵਿਭਾਗ ਸੂਬੇ ਵਿੱਚੋਂ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਨਾਗਰਿਕਾਂ ਦੇ ਸਹਿਯੋਗ ਦੀ ਮੰਗ ਕਰਦਾ ਹੈ।