ਭਾਰਤ ਭੂਸ਼ਣ ਆਸ਼ੂ ਰੇਲਵੇ ਅਧਿਕਾਰੀਆਂ ‘ਤੇ ਵਰ੍ਹੇ, ਪੱਖੋਵਾਲ ਰੋਡ ਆਰ.ਓ.ਬੀ. ਤੇ ਆਰ.ਯੂ.ਬੀ. ਪ੍ਰੋਜੈਕਟ ਸਬੰਧੀ ਮੱਠੀ ਰਫਤਾਰ ਦਾ ਮੁੱਦਾ ਕੇਂਦਰੀ ਰੇਲ ਮੰਤਰੀ ਕੋਲ ਚੁੱਕਣਗੇ
ਨਿਊਜ਼ ਪੰਜਾਬ
ਲੁਧਿਆਣਾ, 04 ਦਸੰਬਰ – ਪੱਖੋਵਾਲ ਰੋਡ ਰੇਲ ਓਵਰ ਬ੍ਰਿਜ (ਆਰ.ਓ.ਬੀ.) ਅਤੇ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਪ੍ਰੋਜੈਕਟ ਨਾਲ ਸਬੰਧਤ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੰਮ ਦੀ ਮੱਠੀ ਰਫਤਾਰ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕਿਹਾ ਕਿ ਉਹ ਇਸ ਮੁੱਦੇ ਨੂੰ ਕੇਂਦਰੀ ਰੇਲ ਮੰਤਰੀ ਕੋਲ ਉਠਾਉਣਗੇ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਕੈਬਨਿਟ ਮੰਤਰੀ ਵੱਲੋਂ ਅੱਜ ਪੱਖੋਵਾਲ ਰੋਡ ਆਰ.ਓ.ਬੀ. ਅਤੇ ਆਰ.ਯੂ.ਬੀ. ਪ੍ਰੋਜੈਕਟ ਦਾ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਰੇਲਵੇ ਵਿਭਾਗ ਵੱਲੋਂ ਕੰਮ ਨੂੰ ਮੱਠੀ ਰਫ਼ਤਾਰ ਨਾਲ ਚੱਲਾਇਆ ਜਾ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਅਗਸਤ ਵਿੱਚ ਉੱਤਰੀ ਰੇਲਵੇ ਦੇ ਡਿਪਟੀ ਚੀਫ਼ ਇੰਜਨੀਅਰ (ਨਿਰਮਾਣ ਡਵੀਜ਼ਨ) ਸ.ਵਿਲੀਅਮਜੀਤ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਵੱਲੋਂ ਪੱਖੋਵਾਲ ਰੋਡ ਆਰ.ਯੂ.ਬੀ-2 ਦਾ ਹਿੱਸਾ 31 ਅਗਸਤ, 2021 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਕੇਂਦਰੀ ਰੇਲ ਮੰਤਰੀ ਨਾਲ ਮੀਟਿੰਗ ਦੌਰਾਨ ਉਨ੍ਹਾਂ ਇਸ ਪ੍ਰੋਜੈਕਟ ਨੂੰ ਜਲਦ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਰੇਲਵੇ ਸਟਾਫ਼ ਨੂੰ ਸਮਾਂ-ਸਾਰਣੀ ਤਿਆਰ ਕਰਨ ਅਤੇ ਬਾਅਦ ਵਿੱਚ ਹਰ ਚਾਰ ਹਫ਼ਤਿਆਂ ਬਾਅਦ ਫੋਟੋਆਂ ਸਮੇਤ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਉਹ ਹੁਣ ਇਸ ਦੇਰੀ ਦਾ ਮੁੱਦਾ ਕੇਂਦਰੀ ਰੇਲ ਮੰਤਰੀ ਕੋਲ ਉਠਾਉਣਗੇ ਤਾਂ ਜੋ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਵੀ ਆਪਣੇ ਹਿੱਸੇ ਦਾ ਕੰਮ ਸਮੇਂ ਸਿਰ ਨਬੇੜਨ।
ਜਿਕਰਯੋਗ ਹੈ ਕਿ ਪੱਖੋਵਾਲ ਰੋਡ ਆਰ.ਯੂ.ਬੀ-2 ਦੀ ਵਰਤੋਂ ਸਿੱਧਵਾਂ ਨਹਿਰ ਦੇ ਨਾਲ-ਨਾਲ ਸਰਾਭਾ ਨਗਰ (ਨੇੜੇ ਸਕੇਟਿੰਗ ਰਿੰਕ) ਵੱਲ ਜਾਣ ਵਾਲੇ ਵਾਹਨਾਂ ਲਈ ਕੀਤੀ ਜਾਵੇਗੀ।
ਪੱਖੋਵਾਲ ਰੋਡ ‘ਤੇ ਇੱਕ ਰੇਲ ਓਵਰ ਬ੍ਰਿਜ (ਆਰ.ਓ.ਬੀ.) ਅਤੇ ਦੋ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਦੀ ਉਸਾਰੀ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ। ਲਗਭਗ 120 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਸਾਂਝੇ ਪ੍ਰੋਜੈਕਟ ਰਾਹੀਂ ਸ਼ਹਿਰ ਵਾਸੀਆਂ ਨੂੰ ਲੰਬੇ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਦਿਲ ਦੇ ਕਰੀਬ ਹੈ ਅਤੇ ਇਸ ਨੂੰ ਤੈਆ ਸਮਾਂ ਸੀਮਾ ਵਿੱਚ ਪੂਰਾ ਕੀਤਾ ਜਾਵੇਗਾ ਜਿਸ ਸਬੰਧੀ ਉਹ ਰੋਜ਼ਾਨਾ ਖੁੱਦ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਆਰ.ਓ.ਬੀ. ਦੀ ਲੰਬਾਈ 839.83 ਮੀਟਰ ਹੋਵੇਗੀ ਅਤੇ ਇਹ ਸਿੱਧਵਾਂ ਨਹਿਰ ਵਾਲੇ ਪਾਸੇ ਤੋਂ ਹੀਰੋ ਬੇਕਰੀ ਵਾਲੇ ਪਾਸੇ, ਮੌਜੂਦਾ ਰੇਲਵੇ ਟਰੈਕ ਤੋਂ ਪੱਖੋਵਾਲ ਰੋਡ ਦੇ ਨਾਲ-ਨਾਲ, ਆਰ.ਯੂ.ਬੀ-1 ਦੀ ਲੰਬਾਈ 458.20 ਮੀਟਰ ਹੋਵੇਗੀ (ਹੀਰੋ ਬੇਕਰੀ ਵਾਲੇ ਪਾਸੇ ਤੋਂ ਸਿੱਧਵਾਂ ਨਹਿਰ ਤੱਕ) ਮੌਜੂਦਾ ਰੇਲਵੇ ਟਰੈਕ ਦੇ ਅਧੀਨ ਪੱਖੋਵਾਲ ਰੋਡ ਦੇ ਨਾਲ), ਜਦੋਂਕਿ ਆਰ.ਯੂ.ਬੀ-2 ਦੀ ਲੰਬਾਈ 1018.46 ਮੀਟਰ (ਇਸ਼ਮੀਤ ਰੋਡ ਤੋਂ ਰੋਟਰੀ ਕਲੱਬ ਰੋਡ ਅਤੇ ਫਿਰੋਜ਼ਪੁਰ ਰੋਡ ਅਤੇ ਇਸ਼ਮੀਤ ਰੋਡ ਵੱਲ ਪੱਖੋਵਾਲ ਰੋਡ ਵੱਲ) ਹੋਵੇਗੀ।
ਸ੍ਰੀ ਆਸ਼ੂ ਨੇ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਇਲਾਕਾ ਨਿਵਾਸੀਆਂ ਲਈ ਲਾਹੇਵੰਦ ਸਾਬਤ ਹੋਵੇਗਾ ਜਿਹੜੇ ਇਸ ਵੇਲੇ ਪੱਖੋਵਾਲ ਰੋਡ ‘ਤੇ ਟ੍ਰੈਫਿਕ ਜਾਮ ਕਾਰਨ ਪ੍ਰੇਸ਼ਾਨ ਹੁੰਦੇ ਹਨ।