ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਐਲਾਨ, ਕਿਸਾਨਾਂ ਨੇ ਧਰਨੇ ਖਤਮ ਕੀਤੇ
ਚੰਡੀਗੜ੍ਹ, 24 ਅਗਸਤ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸਰਕਾਰ ਦੀ ਕਿਸਾਨ ਜੱਥੇਬੰਦੀਆਂ ਨਾਲ ਹੋਈ ਮੀਟਿੰਗ ਉਪਰੰਤ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਫ਼ੌਰੀ ਤੌਰ ’ਤੇ ਜਲੰਧਰ-ਫ਼ਗਵਾੜਾ ਮੁੱਖ ਮਾਰਗ ’ਤੇ ਚੱਲ ਰਹੇ ਧਰਨੇ ਅਤੇ ਰੇਲ ਰੋਕੋ ਪ੍ਰੋਗਰਾਮ ਨੂੰ ਖ਼ਤਮ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅੱਜ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਕਿਸਾਨਾਂ ਨੇ 400 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕੀਤੀ ਸੀ ਪਰ ਅੰਤ ਇਹ ਸਮਝੌਤਾ 50 ਰੁਪਏ ਵਾਧੇ ਦੇ ਨਾਲ 310 ਰੁਪਏ ਤੋਂ ਵਧਾ ਕੇ 360 ਰੁਪਏ ਕਰਨ ਨਾਲ ਸਿਰੇ ਚੜ੍ਹ ਗਿਆ।
ਯਾਦ ਰਹੇ ਕਿ ਪੰਜਾਬ ਸਰਕਾਰ ਨੇ ਪਹਿਲਾਂ 310 ਰੁਪਏ ਤੋਂ 15 ਰੁਪਏ ਵਧਾ ਕੇ 325 ਰੁਪਏ ਕਰਨ ਦਾ ਐਲਾਨ ਕੀਤਾ ਸੀ ਜਿਸ ਨੂੰ ਕਿਸਾਨਾਂ ਨੇ ਰੱਦ ਕਰਦਿਆਂ ਪਹਿਲਾਂ ਜਲੰਧਰ ਫ਼ਗਵਾੜਾ ਹਾਈਵੇਅ ਜਾਮ ਕਰ ਦਿੱਤਾ ਸੀ ਅਤੇ ਉਸਤੋਂ ਬਾਅਦ ਜਲੰਧਰ ਅਤੇ ਫ਼ਗਵਾੜਾ ਵਿਚਾਲੇ ਰੇਲ ਰੂਟ ’ਤੇ ਰੇਲ ਰੋਕੋ ਤਹਿਤ ਗੱਡੀਆਂ ਰੋਕਣ ਦਾ ਐਲਾਨ ਕਰ ਦਿੱਤਾ ਸੀ।
ਇਸੇ ਦੇ ਚੱਲਦਿਆਂ ਪਹਿਲਾਂ ਸ: ਸੁਖ਼ਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਇਕ ਮੀਟਿੰਗ ਚੰਡੀਗੜ੍ਹ ਵਿਖ਼ੇ ਹੋਈ ਸੀ ਅਤੇ ਬੀਤੇ ਕਲ੍ਹ ਜਲੰਧਰ ਵਿਖ਼ੇ ਖ਼ੇਤੀਬਾੜੀ ਮਾਹਿਰਾਂ ਦੀ ਕਿਸਾਨਾਂ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਗੰਨੇ ’ਤੇ ਲਾਗਤ ਬਾਰੇ ਚਰਚਾ ਕੀਤੀ ਗਈ ਸੀ।
ਅੱਜ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ 50 ਰੁਪਏ ਵਾਧੇ ਤੋਂ ਖੁਸ਼ ਕਿਸਾਨਾਂ ਨੇ ਉਸੇ ਵੇਲੇ ਹੀ ਜਲੰਧਰ ਫ਼ਗਵਾੜਾ ਸੜਕ ਅਤੇ ਰੇਲ ਟਰੈਕ ’ਤੇ ਸ਼ੁਰੂ ਕੀਤੇ ਧਰਨੇ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।