ਜੰਗ ਹਾਲੇ ਖ਼ਤਮ ਨਹੀਂ ਹੋਈ, ਲੜਕੀਆਂ ਦੀ ਹਾਕੀ ਟੀਮ ਕਾਂਸੀ ਦਾ ਤਮਗ਼ਾ ਫੁੰਡੇਗੀ: ਰਾਣਾ ਸੋਢੀ

ਨਿਊਜ਼ ਪੰਜਾਬ 
ਚੰਡੀਗੜ੍ਹ, 4 ਅਗਸਤ:
ਟੋਕੀਉ ਉਲੰਪਿਕ ਵਿੱਚ ਲੜਕੀਆਂ ਦੇ ਹਾਕੀ ਦੇ ਸੈਮੀਫਾਈਨਲ ਮੈਚ ਵਿੱਚ ਵਿਸ਼ਵ ਦੀ ਨੰਬਰ 2 ਟੀਮ ਅਰਜਨਟੀਨਾ ਤੋਂ ਭਾਰਤੀ ਹਾਕੀ ਟੀਮ ਦੀ 2-1 ਨਾਲ ਹਾਰ ‘ਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ।
ਰਾਣਾ ਸੋਢੀ ਨੇ ਕਿਹਾ ਕਿ ਅਸੀਂ 6 ਅਗਸਤ ਨੂੰ ਬਰਤਾਨੀਆ ਵਿਰੁੱਧ ਹੋਣ ਵਾਲੇ ਮੈਚ ਵਿੱਚ ਕਾਂਸੀ ਦਾ ਤਮਗ਼ਾ ਜ਼ਰੂਰ ਫੁੰਡਾਂਗੇ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ, “ਹਾਲੇ ਜੰਗ ਖ਼ਤਮ ਨਹੀਂ ਹੋਈ। ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੋਕੀਉ ਉਲੰਪਿਕਸ ਵਿੱਚ ਪਹਿਲਾ ਸੈਮੀਫਾਈਨਲ ਖੇਡਣ ਦਾ ਤਜਰਬਾ ਅਤੇ ਵਧੀਆ ਸਿੱਖਿਆ ਹਾਸਲ ਕਰ ਰਹੇ ਹੋ। ਭਾਰਤ ਨੂੰ ਤੁਹਾਡੇ ‘ਤੇ ਮਾਣ ਹੈ ਅਤੇ ਸਾਰੇ ਤੁਹਾਨੂੰ ਹੱਲਾਸ਼ੇਰੀ ਦੇ ਰਹੇ ਹਨ। ਕਾਂਸੀ ਲਈ ਖੇਡਣ ਵਾਸਤੇ ਸ਼ੁਭਕਾਮਨਾਵਾਂ।” ਉਨ੍ਹਾਂ ਕਿਹਾ ਕਿ ਵਿਸ਼ਵ ਦੀ ਨੰਬਰ-2 ਟੀਮ ਨੂੰ ਅੱਧੇ ਸਮੇਂ ਤੱਕ ਬਰਾਬਰੀ ਦੇ ਸਕੋਰ ਨਾਲ ਰੋਕੀ ਰੱਖਣਾ ਆਸਾਨ ਨਹੀਂ ਸੀ। ਸਾਡੀਆਂ ਕੁੜੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਪਹਿਲਾਂ ਹੀ ਇਤਿਹਾਸ ਰਚ ਚੁੱਕੀਆਂ ਹਨ।
ਖੇਡ ਮੰਤਰੀ ਨੇ ਕਿਹਾ ਕਿ ਹੁਣ ਭਾਰਤ ਨੂੰ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਤੋਂ ਕਾਂਸੀ ਦੇ ਤਮਗ਼ੇ ਦੀ ਉਮੀਦ ਹੈ।