ਪੰਜਾਬ ’ਚ ਬਿਜਲੀ ਸੰਕਟ : PSPCL ਨੇ ਸਰਕਾਰੀ ਦਫ਼ਤਰਾਂ ’ਚ 3 ਜੁਲਾਈ ਤੱਕ ਏਸੀ ਬੰਦ ਰੱਖਣ ਦੀ ਅਪੀਲ ਕੀਤੀ

ਚੰਡੀਗੜ੍ਹ, 1 ਜੁਲਾਈ

ਪੰਜਾਬ ’ਚ ਬਿਜਲੀ ਸੰਕਟ ਡੂੰਘਾ ਹੋਣ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵੀਰਵਾਰ ਨੂੰ ਪੰਜਾਬ ਦੇ ਸਰਕਾਰੀ/ ਜਨਤਕ ਖੇਤਰ ਦੇ ਦਫਤਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਅਤੇ 3 ਜੁਲਾਈ ਤੱਕ ਏਸੀ ਬੰਦ ਕਰ ਦੇਣ।

ਨਿਗਮ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਮੌਨਸੂਨ ਵਿੱਚ ਦੇਰੀ ਹੋ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਵਿਚ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਦੇ ਇਕ ਯੂਨਿਟ ਬੰਦ ਹੋਣ ਕਾਰਨ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਗਰਮੀ ਕਾਰਨ ਬਿਜਲੀ ਦੀ ਮੰਗ 14,500 ਮੈਗਾਵਾਟ ਤੋਂ ਵੱਧ ਦੀ ਬਿਜਲੀ ਦੀ ਮੰਗ ਹੈ। ਇਸ ਲਈ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਦਫ਼ਤਰਾਂ ਅਤੇ ਵਪਾਰਕ ਕੇਂਦਰਾਂ ਵਿਚ ਲਾਈਟਾਂ, ਡਿਵਾਈਸਾਂ ਅਤੇ ਉਪਕਰਣਾਂ ਨੂੰ ਬੰਦ ਕਰਕੇ ਬਿਜਲੀ ਦੀ ਸਹੀ ਵਰਤੋਂ ਕਰਨ। ਇਸ ਦੇ ਨਾਲ ਅਗਲੇ ਤਿੰਨ ਦਿਨਾਂ ਲਈ ਏਅਰ ਕੰਡੀਸ਼ਨਰਜ਼ ਨਾ ਚਲਾਏ ਜਾਣ।